ਚੰਡੀਗੜ੍ਹ: ਵਿਰੋਧੀ ਧਿਰਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਰਮਨੀ ਦੌਰੇ ਤੋਂ ਲੇਟ ਪਰਤਣ ਕਰਕੇ ਘੇਰ ਰਹੀਆਂ ਹਨ। ਵਿਰੋਧੀ ਧਿਰਾਂ ਦੇ ਲੀਡਰ ਇਲਜ਼ਾਮ ਲਾ ਰਹੇ ਹਨ ਜ਼ਿਆਦਾ ਡ੍ਰਿੰਕ ਕਰਨ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਲਤ ਨਾਸਾਜ਼ ਹੋਈ ,ਜਿਸ ਕਰਕੇ ਇਹ ਇੱਕ ਦਿਨ ਲੇਟ ਪਰਤੇ।


ਇਸ ਬਾਰੇ ਭੁਲੱਥ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇੱ ਮੀਡੀਆ ਰਿਪੋਰਟ ਸ਼ੇਅਰ ਕਰਦਿਆਂ ਟਵੀਟ ਕੀਤਾ ਕਿ ਜੇਕਰ ਇਹ ਖ਼ਬਰ ਸਹੀ ਹੈ ਤਾਂ ਅਰਵਿੰਦ ਕੇਜਰੀਵਾਲ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਰਾਜਨੀਤੀ ਵਿੱਚ ਸ਼ਰਾਬੀਆਂ ਨੂੰ ਉਤਸ਼ਾਹਿਤ ਕਰਕੇ ਕੀ ਵੱਖਰਾ ਕਰ ਕਰ ਰਹੇ ਹਨ ? ਕੀ ਭਾਰਤ ਵਿੱਚ ਇਹ ਉਨ੍ਹਾਂ ਦੀ “ਬਦਲਾਵ” ਦੀ ਰਾਜਨੀਤੀ ਹੈ ? ਕਿਸੇ ਵੀ ਮੁੱਖ ਮੰਤਰੀ ਨੇ ਰਾਜਨੀਤੀ ਵਿੱਚ ਨੈਤਿਕਤਾ ਦੀ ਹੱਦ ਨੂੰ ਕਦੇ ਨੀਵਾਂ ਨਹੀਂ ਕੀਤਾ, ਜੋ ਭਗਵੰਤ ਮਾਨ ਵਾਰ-ਵਾਰ ਕਰ ਰਹੇ ਹਨ!

 





ਇਸ ਤੋਂ ਪਹਿਲਾਂ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਵਿਅੰਗ ਕੱਸਿਆ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਰਮਨੀ ਫੇਰੀ ਕਿਹਾ ਕਿ ਜਹਾਜ਼ ਚੜਨ ਵੇਲੇ ਸੀਐਮ ਕੋਲੋਂ ਵੱਧ ਖਾਧਾ-ਪੀਤਾ ਗਿਆ। ਇਸ ਕਰਕੇ ਉਨ੍ਹਾਂ ਨੂੰ ਡੀਪਲੇਨ ਕਰ ਦਿੱਤਾ ਗਿਆ। ਮਜੀਠੀਆ ਨੇ ਕਿਹਾ ਕਿ ਇਸੇ ਕਰਕੇ ਉਹ ਵੇਲੇ ਸਿਰ ਦੇਸ਼ ਪੁੱਜ ਨਹੀਂ ਸਕੇ, ਜੋ ਨਮੋਸ਼ੀ ਦੀ ਗੱਲ ਹੈ ਕਿਉਂਕਿ ਸੀਐਮ ਦਾ ਸਾਰੇ ਸਟਾਫ ਦਾ ਸਾਮਾਨ ਵੀ ਏਅਰਪੋਰਟ 'ਤੇ ਉਤਾਰਣਾ ਪਿਆ।

 

ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਜਰਮਨੀ ਤੋਂ ਵਾਪਸੀ ’ਚ 24 ਘੰਟੇ ਦੀ ਦੇਰੀ ਨੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ। ‘ਆਪ’ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਵਿੱਚ ਕਰਵਾਏ ਕੌਮੀ ਸੰਮੇਲਨ ’ਚ ਮੁੱਖ ਮੰਤਰੀ ਭਗਵੰਤ ਮਾਨ ਨੇ ਨਿੱਜੀ ਤੌਰ ’ਤੇ ਸ਼ਾਮਲ ਹੋਣ ਹੋਣ ਦੀ ਬਜਾਏ ਵੀਡੀਓ ਕਾਲ ਰਾਹੀਂ ਹਾਜ਼ਰੀ ਭਰੀ ਹੈ। ਇਸ ਮਗਰੋਂ ਵਿਰੋਧੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਨ ਦਾ ਮੌਕਾ ਹੱਥੋਂ ਨਹੀਂ ਜਾਣ ਦੇ ਰਹੇ। ਉਧਰ, ਇਸ ਸਬੰਧੀ ਪੰਜਾਬ ਸਰਕਾਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੀ ਤਬੀਅਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੇ ਇੱਕ ਦਿਨ ਦੇਰੀ ਨਾਲ ਦੇਸ਼ ਵਾਪਸ ਪਰਤਣ ਦਾ ਫ਼ੈਸਲਾ ਕੀਤਾ ਹੈ।

ਦਰਅਸਲ ਜਦੋਂ ਭਾਜਪਾ ਵੱਲੋਂ ਕਥਿਤ ਦਿੱਲੀ ਤੋਂ ਬਾਅਦ ਪੰਜਾਬ ’ਚ ‘ਆਪ’ ਦੀ ਸਰਕਾਰ ਡੇਗਣ ਲਈ ਵਿਧਾਇਕਾਂ ਨੂੰ ਖਰੀਦਣ ਵਾਸਤੇ 25-25 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ ਤਾਂ ‘ਆਪ’ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਾਰਟੀ ਦੇ ਚੁਣੇ ਹੋਏ ਪ੍ਰਤੀਨਿਧਾਂ ਤੇ ਸੀਨੀਅਰ ਆਗੂਆਂ ਲਈ ਦਿੱਲੀ ਵਿਚ ਕੌਮੀ ਸੰਮੇਲਨ ਸੱਦਿਆ ਸੀ।  ਤਵਾਰ ਨੂੰ ਦਿੱਲੀ ’ਚ ਹੋਏ ਸੰਮੇਲਨ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ, ਵਿਧਾਇਕ ਤੇ ਹੋਰ ਪਾਰਟੀ ਦੇ ਕਈ ਸੀਨੀਅਰ ਆਗੂ ਹਾਜ਼ਰ ਹੋਏ ਸਨ ਪਰ ਮੁੱਖ ਮੰਤਰੀ ਭਗਵੰਤ ਮਾਨ ਨਿੱਜੀ ਤੌਰ ’ਤੇ ਹਾਜ਼ਰ ਨਹੀਂ ਹੋ ਸਕੇ। ਉਨ੍ਹਾਂ ਨੇ ਜਰਮਨੀ ਤੋਂ ਵੀਡੀਓ ਕਾਲ ਰਾਹੀਂ ਪਾਰਟੀ ਆਗੂਆਂ ਨੂੰ ਸੰਬੋਧਨ ਕੀਤਾ।