ਲੁਧਿਆਣਾ  : ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਵਿੱਚ ਪੰਜਾਬ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਠੇਕੇਦਾਰ ਤੇਲੂਰਾਮ ਅਤੇ ਏਜੰਟ ਕ੍ਰਿਸ਼ਨ ਲਾਲ ਗ੍ਰਿਫ਼ਤਾਰ ਹਨ। ਵਿਜੀਲੈਂਸ ਨੂੰ ਏਜੰਟ ਕ੍ਰਿਸ਼ਨ ਲਾਲ ਦਾ ਤਿੰਨ ਦਿਨ ਦਾ ਰਿਮਾਂਡ ਮਿਲਿਆ ਹੈ। ਰਿਮਾਂਡ ਦੌਰਾਨ ਵਿਜੀਲੈਂਸ ਨੇ ਅੱਜ ਏਜੰਟ ਕ੍ਰਿਸ਼ਨ ਲਾਲ ਧੋਤੀਵਾਲਾ ਦੀ ਨਿਸ਼ਾਨਦੇਹੀ ’ਤੇ ਮੁੱਲਾਂਪੁਰ ਦੇ ਵੱਖ-ਵੱਖ ਸ਼ੈਲਰ ਮਾਲਕਾਂ ’ਤੇ ਛਾਪੇਮਾਰੀ ਕੀਤੀ ਸੀ।



ਵਿਜੀਲੈਂਸ ਬਿਊਰੋ ਨੇ ਅਨਾਜ ਘੁਟਾਲੇ ਦੇ ਮਾਮਲੇ ਵਿੱਚ ਕਾਂਗਰਸੀ ਕੌਂਸਲਰ ਰੁਪਾਲੀ ਜੈਨ ਦੇ ਪਤੀ ਅਨਿਲ ਜੈਨ ਅਤੇ ਮੁੱਲਾਂਪੁਰ ਦਾਖਾ ਨਗਰ ਕੌਂਸਲ ਦੇ ਪ੍ਰਧਾਨ ਤੇਲੂ ਰਾਮ ਬਾਂਸਲ ਦੇ ਭਰਾ ਮਹਾਵੀਰ ਬਾਂਸਲ ਸਮੇਤ ਦੋ ਕਮਿਸ਼ਨ ਏਜੰਟਾਂ (ਆੜ੍ਹਤੀਆਂ) ਨੂੰ ਨਾਮਜ਼ਦ ਕੀਤਾ ਹੈ ਪਰ ਵਿਜੀਲੈਂਸ ਨੇ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਬਾਕੀ ਮਾਮਲੇ ਦੀ ਜਾਂਚ ਅਜੇ ਜਾਰੀ ਹੈ।

ਸੂਤਰ ਦੱਸਦੇ ਹਨ ਕਿ ਦੋਸ਼ ਲਗਾਇਆ ਜਾ ਰਿਹਾ ਹੈ ਕਿ ਅਨਿਲ ਜੈਨ ਅਤੇ ਮਹਾਵੀਰ ਬਾਂਸਲ ਕਮਿਸ਼ਨ ਏਜੰਟ ਹਨ, ਹਾਲਾਂਕਿ ਉਨ੍ਹਾਂ ਨੂੰ ਅਨਾਜ ਦੀ ਸੰਭਾਲ ਲਈ ਆਪਣੇ ਸ਼ੈਲਰ ਅਲਾਟ ਕੀਤੇ ਗਏ ਸਨ। ਸ਼ਿਕਾਇਤਕਰਤਾ ਨੇ ਆਪਣੇ ਬਿਆਨਾਂ ਵਿੱਚ ਇਹ ਵੀ ਦੋਸ਼ ਲਾਇਆ ਹੈ ਕਿ ਦੋਵੇਂ ਦੂਜੇ ਰਾਜਾਂ ਤੋਂ ਤਸਕਰੀ ਕੀਤੇ ਅਨਾਜ ਦੀ ਫਰਜ਼ੀ ਬਿਲਿੰਗ ਵਿੱਚ ਸ਼ਾਮਲ ਸਨ। ਹਾਲਾਂਕਿ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਮੁੱਲਾਂਪੁਰ ਦਾਖਾ ਨਗਰ ਕੌਂਸਲ ਦੇ ਪ੍ਰਧਾਨ ਤੇਲੂ ਰਾਮ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਮਹਾਵੀਰ ਅਤੇ ਕਾਂਗਰਸੀ ਕੌਂਸਲਰ ਰੂਪਾਲੀ ਜੈਨ ਦੇ ਪਤੀ ਅਨਿਲ ਜੈਨ ਦਾ ਨਾਂ ਇਕ ਹੋਰ ਸ਼ੈਲਰ ਮਾਲਕ ਦੇ ਬਿਆਨ ’ਤੇ ਹੀ ਲੱਗਾ ਹੈ। ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਵਿੱਚ ਨਾਮ ਦਰਜ ਕਰਨ ਤੋਂ ਪਹਿਲਾਂ ਦੋਸ਼ਾਂ ਦੀ ਪੜਤਾਲ ਕਰਨੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਅਲਾਟਮੈਂਟ ਕਮੇਟੀ ਆੜ੍ਹਤੀਆਂ ਨੂੰ ਸ਼ੈਲਰ ਅਲਾਟ ਕਰਦੀ ਹੈ। ਸ਼ੈਲਰਾਂ ਵਿੱਚ ਅਨਾਜ ਸਟੋਰ ਕੀਤਾ ਗਿਆ ਅਤੇ ਲਿਫਟਿੰਗ ਮਿੱਲਾਂ ਵਿੱਚ ਕੀਤੀ ਗਈ ਕਿਉਂਕਿ ਉਹ ਸ਼ੈਲਰ ਸਾਨੂੰ ਅਲਾਟਮੈਂਟ ਕਮੇਟੀ ਵੱਲੋਂ ਅਲਾਟ ਕੀਤੇ ਗਏ ਸਨ, ਜਿਸ ਕਾਰਨ ਸਾਡਾ ਕੰਮ ਜਾਇਜ਼ ਹੈ।  

ਦੱਸ ਦੇਈਏ ਕਿ ਵਿਜੀਲੈਂਸ ਬਿਊਰੋ ਨੇ ਪਹਿਲਾਂ ਹੀ ਇੱਕ ਏਜੰਟ ਕ੍ਰਿਸ਼ਨ ਲਾਲ ਉਰਫ਼ ਧੋਤੀ ਵਾਲਾ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਭਰਾ ਸੁਰਿੰਦਰ ਕੁਮਾਰ ਨੂੰ ਕੇਸ ਵਿੱਚ ਨਾਮਜ਼ਦ ਕੀਤਾ ਹੈ। ਕ੍ਰਿਸ਼ਨ ਲਾਲ ਨੂੰ ਦੂਜੇ ਰਾਜਾਂ ਤੋਂ ਅਨਾਜ ਦੀ ਤਸਕਰੀ ਕਰਨ, ਪੰਜਾਬ ਦੇ ਅਨਾਜ ਵਿੱਚ ਮਿਲਾ ਕੇ ਅੱਗੇ ਵੇਚਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸ਼ਨੀਵਾਰ ਨੂੰ ਵਿਜੀਲੈਂਸ ਬਿਊਰੋ ਨੇ ਗਣਪਤੀ ਐਗਰੋ ਰਾਈਸ ਮਿੱਲ, ਕੇ.ਐੱਲ. ਐਗਰੋ, ਸੁਰਿੰਦਰ ਐਗਰੋ ਅਤੇ ਸਿੰਗਲਾ ਐਗਰੋ ਸਮੇਤ ਉਸ ਦੇ ਚਾਰ ਸ਼ੈਲਰ 'ਤੇ ਛਾਪੇਮਾਰੀ ਕਰਕੇ ਕਰੀਬ 2500 ਬੋਰੀਆਂ (ਬਾਰਦਾਨਾ) ਬਰਾਮਦ ਕੀਤਾ ਸੀ। 

ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ  'ਤੇ 2 ਹਜ਼ਾਰ ਕਰੋੜ ਦੇ ਟੈਂਡਰ ਘੁਟਾਲੇ ਦਾ ਦੋਸ਼ ਹੈ। ਵਿਜੀਲੈਂਸ ਇਸ ਦੀ ਜਾਂਚ ਕਰ ਰਹੀ ਹੈ। ਆਸ਼ੂ 'ਤੇ ਛੋਟੇ ਠੇਕੇਦਾਰਾਂ ਵੱਲੋਂ ਪੰਜਾਬ ਦੀਆਂ ਮੰਡੀਆਂ ਵਿੱਚ ਲੇਬਰ ਅਤੇ ਟਰਾਂਸਪੋਰਟੇਸ਼ਨ ਟੈਂਡਰਾਂ ਵਿੱਚ ਦੁਰਵਿਵਹਾਰ ਕਰਨ ਦੇ ਦੋਸ਼ ਲਾਏ ਗਏ ਸਨ। ਛੋਟੇ ਠੇਕੇਦਾਰਾਂ ਨੂੰ ਨਜ਼ਰਅੰਦਾਜ਼ ਕਰਕੇ 20-25 ਲੋਕਾਂ ਨੂੰ ਫਾਇਦਾ ਪਹੁੰਚਾਇਆ ਗਿਆ। ਹਾਲਾਂਕਿ ਆਸ਼ੂ ਦਾ ਕਹਿਣਾ ਹੈ ਕਿ ਇਹ ਟੈਂਡਰ ਡੀਸੀ ਦੀ ਅਗਵਾਈ ਵਿੱਚ ਕਮੇਟੀਆਂ ਵੱਲੋਂ ਅਲਾਟ ਕੀਤਾ ਜਾਂਦਾ ਹੈ। ਉਸ 'ਤੇ ਸਾਜ਼ਿਸ਼ ਤਹਿਤ ਦੋਸ਼ ਲਾਏ ਜਾ ਰਹੇ ਹਨ।