ਚੰਡੀਗੜ੍ਹ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਗੁਜਰਾਤ ਵਿੱਚ ਪਹੁੰਚ ਕੇ ਕਿਹਾ ਹੈ ਕਿ ਜਿਸ ਤਰ੍ਹਾਂ ‘ਆਪ’ ਦੀਆਂ ਸਰਕਾਰਾਂ ਨੇ ਹੁਣ ਤੱਕ ਦਿੱਲੀ ’ਚ 12 ਲੱਖ ਤੇ ਪੰਜਾਬ ’ਚ ਛੇ ਮਹੀਨਿਆਂ ਤੋਂ ਵੀ ਘੱਟ ਸਮੇਂ ਅੰਦਰ 20 ਹਜ਼ਾਰ ਨੌਕਰੀਆਂ ਮੁਹੱਈਆ ਕੀਤੀਆਂ ਹਨ ਉਸੇ ਤਰ੍ਹਾਂ ਪਾਰਟੀ ਗੁਜਰਾਤ ਵਿੱਚ ਸੱਤਾ ’ਚ ਆਉਣ ’ਤੇ 10 ਲੱਖ ਨੌਕਰੀਆਂ ਮੁਹੱਈਆ ਕਰੇਗੀ। ਉਨ੍ਹਾਂ ਬੇਰੁਜ਼ਗਾਰਾਂ ਨੂੰ ਹਰ ਮਹੀਨੇ ਤਿੰਨ ਹਜ਼ਾਰ ਰੁਪਏ ਭੱਤਾ ਦੇਣ ਦਾ ਵੀ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਤੇ ਕਾਂਗਰਸ ਦੋਵਾਂ ਪਾਰਟੀਆਂ ਦੇ ਆਗੂਆਂ ਨੇ ਲੋਕਾਂ ਦਾ ਪੈਸਾ ਚੋਰੀ ਕੀਤਾ ਹੈ ਤੇ ਜੇਕਰ ਇਨ੍ਹਾਂ ਦੀਆਂ ਜਾਇਦਾਦਾਂ ਵੇਚ ਦਿੱਤੀਆਂ ਜਾਣ ਤਾਂ ਗੁਜਰਾਤ ਦਾ ਸਾਰਾ ਕਰਜ਼ਾ ਭਰਿਆ ਜਾ ਸਕਦਾ ਹੈ।



ਕੇਜਰੀਵਾਲ ਨੇ ਕਿਹਾ ਕਿ ਜੇਕਰ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਸੱਤਾ ’ਚ ਆਉਂਦੀ ਹੈ ਤਾਂ ਸੂਬੇ ਦਾ ਹਰ ਬੱਚਾ ਖੁਸ਼ਹਾਲ ਹੋਵੇਗਾ। ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਹਿਮਦਾਬਾਦ ’ਚ ਨੌਜਵਾਨਾਂ ਦੇ ਇਕੱਠ ਨੂੰ ਸੰਬੋਧਨ ਕੀਤਾ। ਇਸ ਮੌਕੇ ਕੇਜਰੀਵਾਲ ਨੇ ਗੁਜਰਾਤ ਦੀ ਭਾਜਪਾ ਸਰਕਾਰ ਤੇ ਵਿਰੋਧੀ ਧਿਰ ਕਾਂਗਰਸ ਨੂੰ ਨਿਸ਼ਾਨੇ ’ਤੇ ਰੱਖਿਆ। ਗੁਜਰਾਤ ਵਿੱਚ ਇਸ ਸਾਲ ਦਸੰਬਰ ਮਹੀਨੇ ਚੋਣਾਂ ਹੋਣੀਆਂ ਹਨ।

‘ਆਪ’ ਦੇ ਕੌਮੀ ਕਨਵੀਨਰ ਨੇ ਕਿਹਾ, ‘ਗੁਜਰਾਤ ਦੇ ਇੱਕ ਵੱਟਸਐੱਪ ਗਰੁੱਪ ’ਚ ਮੈਂ ਇੱਕ ਬਹੁਤ ਵਧੀਆ ਸੁਨੇਹਾ ਸਾਂਝਾ ਹੁੰਦਾ ਦੇਖਿਆ ਹੈ। ਇਸ ’ਚ ਕਿਹਾ ਗਿਆ ਹੈ ਕਿ ਜੇ ਤੁਸੀਂ ਕਾਂਗਰਸ ਨੂੰ ਵੋਟ ਦਿੱਤੀ ਤਾਂ ਸੋਨੀਆ ਗਾਂਧੀ ਦਾ ਪੁੱਤਰ ਖੁਸ਼ਹਾਲ ਹੋਵੇਗਾ। ਜੇ ਤੁਸੀਂ ਭਾਜਪਾ ਨੂੰ ਵੋਟ ਦਿੱਤੀ ਤਾਂ ਅਮਿਤ ਸ਼ਾਹ ਦਾ ਪੁੱਤਰ ਖੁਸ਼ਹਾਲ ਹੋਵੇਗਾ ਤੇ ਜੇ ਤੁਸੀਂ ‘ਆਪ’ ਨੂੰ ਵੋਟ ਪਾਈ ਤਾਂ ਗੁਜਰਾਤ ਦਾ ਹਰ ਬੱਚਾ ਖੁਸ਼ਹਾਲ ਹੋਵੇਗਾ।’

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੀ ਊਰਜਾ ਗੁਜਰਾਤ ਦੀ ਸਰਕਾਰ ਬਦਲਣ ’ਚ ਲਾਉਣ। ਉਨ੍ਹਾਂ ਕਿਹਾ ਕਿ ‘ਆਪ’ ਨੇ ਇਹ ਸਾਬਤ ਕੀਤਾ ਹੈ ਕਿ ਧਰਮ, ਜਾਤ ਤੇ ਪੈਸੇ ’ਤੇ ਆਧਾਰਿਤ ਸਿਆਸਤ ਜ਼ਿਆਦਾ ਦੇਰ ਨਹੀਂ ਚੱਲ ਸਕਦੀ। ਲੋਕ ਸਿਰਫ਼ ਉਸੇ ਨੂੰ ਵੋਟ ਪਾਉਂਦੇ ਹਨ ਜੋ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਤੇ ਇਸ ਦੇ ਆਗੂ ਸਿਰਫ਼ ਬੋਲਣਾ ਜਾਣਦੇ ਹਨ ਤੇ ਇਹ ਲੋਕਾਂ ਦੀ ਨਹੀਂ ਸੁਣਦੇ। ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਦੇ ਆਗੂ ਲੋਕਾਂ ਨੂੰ ‘ਮਨ ਕੀ ਬਾਤ’ ਸੁਣਨ ਦਾ ਸੱਦਾ ਤਾਂ ਦਿੰਦੇ ਹਨ ਪਰ ਖੁਦ ਲੋਕਾਂ ਦੇ ਮਨ ਕੀ ਬਾਤ ਨਹੀਂ ਸੁਣਦੇ।