ਹੁਸ਼ਿਆਰਪੁਰ: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਸਰਗਰਮੀਆਂ ਤੇਜ਼ ਹਨ। ਐਲਾਨ ਤੇ ਗਰੰਟੀਆਂ ਦਾ ਦੌਰ ਵੀ ਜਾਰੀ ਹੈ। ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਹੁਸ਼ਿਆਰਪੁਰ ਪਹੁੰਚੇ। ਉਨ੍ਹਾਂ ਇੱਥੇ ਦਲਿਤ ਭਾਈਚਾਰੇ ਨੂੰ ਪੰਜ ਗਰੰਟੀਆਂ ਦਿੱਤੀਆਂ।

ਕੇਜਰੀਵਾਲ ਨੇ ਕਿਹਾ,"ਅੱਜ ਪੰਜਾਬ ਦੇ ਪੂਰੇ ਦਲਿਤ ਭਾਈਚਾਰੇ ਵੱਲ ਦੇਖੋ ਕਿਸੇ ਵੀ ਸਰਕਾਰ ਨੇ ਇਨ੍ਹਾਂ ਬਾਰੇ ਕੁਝ ਨਹੀਂ ਸੋਚਿਆ। ਬਾਬਾ ਸਾਹਿਬ ਅੰਬੇਦਕਰ ਨੇ ਬਹੁਤ ਸੰਘਰਸ਼ ਕੀਤਾ, ਉਨ੍ਹਾਂ ਨੇ 64 ਮਾਸਟਰ ਡਿਗਰੀਆਂ ਲਈਆਂ ਸੀ। ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ। ਇਨ੍ਹਾਂ ਲੋਕਾਂ ਨੇ ਜਾਣਬੁੱਝ ਕੇ ਸਰਕਾਰੀ ਸਕੂਲਾਂ ਦਾ ਬੁਰਾ ਹਾਲ ਕੀਤਾ ਕਿਉਂਕਿ ਗ਼ਰੀਬਾਂ ਤੇ ਐਸਐਸੀ ਭਾਈਚਾਰੇ ਦੇ ਬੱਚੇ ਇੱਥੇ ਪੜ੍ਹਦੇ ਹਨ।"

ਆਪਣੀ ਤਾਰੀਫ ਕਰਦੇ ਹੋਏ ਕੇਜਰੀਵਾਲ ਨੇ ਕਿਹਾ,"ਦਿੱਲੀ ਦੇ ਸਕੂਲ ਦੇਖੋ, ਅੱਜ ਪ੍ਰਾਈਵੇਟ ਸਕੂਲ ਵਾਂਗ ਹਨ। ਦਿੱਲੀ ਵਿੱਚ ਜੈ ਭੀਮ ਸਕੀਮ ਚਲਾਈ ਹੈ ਜਿਸ ਤਹਿਤ ਕੋਈ ਵੀ ਕੋਚਿੰਗ ਲਈ ਜਾ ਸਕਦੀ ਹੈ। ਦਿੱਲੀ ਵਿੱਚ ਜਿਹੜੇ ਐਸਸੀ ਸਟੂਡੈਂਟਸ ਵਿਦੇਸ਼ ਪੜ੍ਹਾਈ ਕਰਨ ਜਾਂਦੇ ਨੇ, ਸਾਰਾ ਖਰਚਾ ਦਿੱਲੀ ਸਰਕਾਰ ਕਰਦੀ ਹੈ।"

ਕੈਪਟਨ ਤੇ ਚੰਨੀ 'ਤੇ ਨਿਸ਼ਾਨਾ ਸਾਧਦੇ ਹੋਏ ਕੇਜਰੀਵਾਲ ਨੇ ਕਿਹਾ, "ਕੈਪਟਨ ਨੇ ਫਾਰਮ ਭਰਵਾਏ ਪਰ ਕਿਸੇ ਨੂੰ ਨੌਕਰੀ ਨਹੀਂ ਮਿਲੀ। ਚੰਨੀ ਵੀ 5 ਮਰਲੇ ਦੇ ਪਲਾਟ ਦੇਣ ਲਈ ਫਾਰਮ ਭਰਵਾ ਰਹੇ ਹਨ। ਮੈਂ ਚੰਨੀ ਸਾਬ ਨੂੰ ਕਹਿਣਾ ਚਾਹੁੰਦਾ ਹੈ ਕਿ ਜਾਂ ਤਾਂ ਇਲੈਕਸ਼ਨ ਤੋਂ ਪਹਿਲਾਂ ਇਹ ਪਲਾਟ ਦੇ ਦਿਓ, ਨਹੀਂ ਤਾਂ ਸਾਡੀ ਸਰਕਾਰ ਆਉਣ ਤੇ ਇਹ ਪਲਾਟ ਅਸੀਂ ਦੇਵਾਂਗੇ।"

ਉਨ੍ਹਾਂ ਕਿਹਾ, "ਕਰੋਨਾ ਕਰਕੇ ਸਾਡੇ 2 ਸਫ਼ਾਈ ਕਰਮਚਾਰੀਆਂ ਦੀ ਮੌਤ ਹੋ ਗਈ ਸੀ। ਮੈਂ ਆਪ ਜਾ ਕੇ ਉਨ੍ਹਾਂ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਿੱਤੇ। ਪੂਰੇ ਦੇਸ਼ 'ਚ ਕਿਸੇ ਵੀ ਰਾਜ ਨੇ ਅਜਿਹਾ ਨਹੀਂ ਕੀਤਾ।"

ਦਲਿਤ ਭਾਈਚਾਰੇ ਲਈ ਕੇਜਰੀਵਾਲ ਦੀਆਂ 5 ਗਰੰਟੀਆਂ
1. ਮੁਫ਼ਤ ਫਸਟ ਕਲਾਸ ਸਿੱਖਿਆ
2. ਕਿਸੇ ਵੀ ਕੋਚਿੰਗ ਦੀ ਫ਼ੀਸ ਆਪ ਸਰਕਾਰ ਦੇਵੇਗੀ
3. ਵਿਦੇਸ਼ ਪੜ੍ਹਾਈ ਦਾ ਖਰਚਾ ਅਸੀਂ ਕਰਾਂਗੇ
4. ਭਾਵੇਂ ਕੋਈ ਵੀ ਬਿਮਾਰੀ ਕਿਸੇ ਵੀ ਪਰਿਵਾਰ ਦੇ ਮੈਂਬਰ ਨੂੰ ਹੋਵੇ, ਸਾਰਾ ਖਰਚਾ ਸਰਕਾਰ ਕਰੇਗੀ।
5.1000 ਰੁਪਏ 18 ਸਾਲ ਤੋਂ ਉੱਪਰ ਦੀਆਂ ਔਰਤਾਂ ਨੂੰ ਦਿੱਤਾ ਜਾਏਗਾ।

ਬਾਬਾ ਸਾਹਿਬ ਦਾ ਸੁਪਨਾ ਅਧੂਰਾ ਕੇਜਰੀਵਾਲ ਕਰੇਗਾ ਪੂਰਾ
ਚੰਨੀ ਤੇ ਨਿਸ਼ਾਨਾ ਸਾਧਦੇ ਹੋਏ ਕੇਜਰੀਵਾਲ ਨੇ ਕਿਹਾ ਕਿ, "ਚੰਨੀ ਸਾਹਿਬ ਦਲਿਤ ਭਾਈਚਾਰੇ ਤੋਂ ਆਉਂਦੇ ਹਨ ਤੇ ਦਲਿਤ ਭਾਈਚਾਰੇ ਤੋਂ ਵੋਟਾਂ ਵੀ ਮੰਗਦੇ ਹਨ। ਮੈਂ ਦਲਿਤ ਭਾਈਚਾਰੇ ਤੋਂ ਨਹੀਂ ਪਰ ਮੈਂ ਤੁਹਾਡੇ ਪਰਿਵਾਰ ਦਾ ਹਿੱਸਾ ਹਾਂ। ਮੈਂ ਤੁਹਾਨੂੰ ਵਧੀਆ ਸਿਹਤ ਸਹੂਲਤਾਂ, ਵਧੀਆ ਪੜ੍ਹਾਈ ਤੇ ਹਰੇਕ ਸੁਵਿਧਾ ਦੇਵਾਂਗਾ ਪਰ ਚੰਨੀ ਸਿਰਫ਼ ਬਿਆਨਬਾਜ਼ੀ ਕਰ ਰਿਹਾ। ਉਹ ਕੁਝ ਨਹੀਂ ਕਰੇਗਾ। ਸਿਰਫ਼ ਇੱਕ ਮੌਕਾ ਆਪ ਨੂੰ ਦਿਓ।"