Punjab Debt: ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮਾੜੇ ਪ੍ਰਬੰਧਾਂ ਕਾਰਨ ਸੂਬੇ ਦੇ ਖਜ਼ਾਨੇ ਨੂੰ ਖੋਰਾ ਲਾਇਆ ਹੈ। ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬਾ ਸਰਕਾਰ ਦੇ ਚਾਰਟਰਡ ਜਹਾਜਾਂ ਤੇ ਪਾਰਟੀ ਸੁਪਰੀਮੋ ਅਰਵਿੰਦ ਕੇਜ਼ਰੀਵਾਲ ਨੂੰ ਝੂਟੇ ਦਿਵਾਉਣ ਅਤੇ ਹੋਰ ਸੂਬਿਆਂ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਚੱਕਰ ਲਾਉਣ ਦੇ ਕਾਰਨ ਹੀ ਪੰਜਾਬ ਦਾ ਖਜ਼ਾਨਾ ਬਰਬਾਦ ਹੋਇਆ ਹੈੇ।


ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਕੇਂਦਰ ਸਰਕਾਰ ਨੂੰ ਸੂਬੇ ਲਈ ਕਰਜ਼ ਦੀ ਸਮਰੱਥਾ ਵਧਾਉਣ ਲਈ ਲਿਖਿਆ ਪੱਤਰ ਪੰਜਾਬ ਦੀ ਦੇਸ਼ ਭਰ ਵਿੱਚ ਬਦਨਾਮੀ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਇਹ ਬਦਕਿਸਮਤੀ ਹੀ ਹੈ ਕਿ ਇਸ ਦੀ ਸੱਤਾ ਤੇ ਕਾਬਿਜ਼ ਆਮ ਆਦਮੀਂ ਪਾਰਟੀ ਦੀ ਸਰਕਾਰ ਵੱਲੋ ਆਪਣੇ ਆਕਾ ਨੂੰ ਖੁਸ਼ ਕਰਨ ਲਈ ਪੰਜਾਬ ਦਾ ਪੈਸਾ ਪਾਣੀ ਵਾਂਗ ਬਹਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਲੋਕਾਂ ਨੂੰ ਗੁੰਮਰਾਹ ਕਰਨ ਵਾਲਾ ਹੈ।


ਸ਼੍ਰੀ ਖੰਨਾ ਨੇ ਕਿਹਾ ਕਿ ਪੰਜਾਬ ਸਰਕਾਰ ਵੱੱਲੋਂ ਅਸਲੀਅਤ ਵਿੱਚ ਕੋਈ ਕੰਮ ਨਹੀਂ ਕੀਤਾ, ਜਦਕਿ ਝੂਠੀ ਪਬਲੀਸਿਟੀ ਤੇ ਵੱਡਾ ਖਰਚ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵੋਟਾਂ ਤੋਂ ਪਹਿਲਾਂ ਝੂਠੇ ਵਾਅਦੇ ਕਰਕੇ ਹਜ਼ਾਰਾਂ ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਨ ਦਾ ਡਰਾਮਾ ਕਰਨ ਵਾਲੀ ਆਪ ਸਰਕਾਰ ਸੂਬੇ ਨੂੰ ਕਰਜ਼ਾਈ ਕਰਨ ਤੇ ਤੁਲੀ ਹੋਈ ਹੈ।


 ਉਨ੍ਹਾਂ ਕਿਹਾ ਕਿ 10 ਹਜ਼ਾਰ ਕਰੋੜ ਰੁਪਏ ਦੀ ਕਰਜ਼ਾ ਹੱਦ ਵਧਵਾਉਣ ਦੀ ਮੰਗ ਕਰਨਾ ਸੂਬੇ ਨੂੰ ਕਰਜ਼ੇ ਦੀ ਭੱਠੀ ਵਿੱਚ ਝੋਕਣ ਵਾਲਾ ਫੈਸਲਾ ਹੈ। ਉਨ੍ਹਾਂ ਕਿਹਾ ਕਿ ਵਧੇ ਕਰਜ਼ੇ ਵਿੱਚੋਂ ਵੀ ਪੰਜਾਬ ਸਰਕਾਰ 23 ਹਜ਼ਾਰ 900 ਕਰੋੜ ਰੁਪਏ ਸਿਰਫ਼ ਕਰਜ਼ਿਆਂ ਦੇ ਵਿਆਜ਼ ਦੇਣ ਲਈ ਹੀ ਵਰਤੇਗੀ। 


ਜਿਸ ਤੋਂ ਸਾਬਿਤ ਹੁੰਦਾ ਹੈ ਕਿ ਇਸ ਸਰਕਾਰ ਦੀਆਂ ਗਲਤ ਨੀਤੀਆਂ ਦੀ ਬਦੌਲਤ ਪੰਜਾਬ ਦਾ ਬੇੜਾ ਗਰਕ ਹੋ ਰਿਹਾ ਹੈ। ਉਨਾਂ ਕਿਹਾ ਕਿਹਾ ਚੋਣਾਂ ਤੋਂ ਪਹਿਲਾ ਪੰਜਾਬ ਦੇ ਕਰਜ਼ੇ ਨੂੰ ਖ਼ਤਮ ਕਰ ਕੇ ਇਕ ਕਮਾਊ ਸੂਬਾ ਬਣਾਉਣ ਦੇ ਵਾਅਦੇ ਨੂੰ ਭਗਵੰਤ ਮਾਨ ਸਰਕਾਰ ਕੋਲ ਕੋਈ ਨੀਤੀ ਅਤੇ ਯੋਜਨਾ ਨਹੀਂ ਹੈ।