ਚੰਡੀਗੜ੍ਹ: ਪੰਜਾਬ ਕਾਂਗਰਸ ਦੀ ਪ੍ਰਧਾਨਗੀ ਸੰਭਲਾਦਿਆਂ ਹੀ ਨਵਜੋਤ ਸਿੱਧੂ ਨੇ ਪਾਸਾ ਆਪਣੇ ਵੱਲ ਪਲਟ ਲਿਆ ਹੈ। ਸੋਮਵਾਰ ਨੂੰ ਪੰਜ ਮੰਤਰੀਆਂ ਤੇ 35 ਵਿਧਾਇਕਾਂ ਨਾਲ ਸ਼ਕਤੀ ਪ੍ਰਦਰਸ਼ਨ ਕਰਕੇ ਸਿੱਧੂ ਨੇ ਸਪਸ਼ਟ ਕਰ ਦਿੱਤਾ ਹੈ ਕਿ ਸਰਕਾਰ ਵੀ ਹੁਣ ਉਨ੍ਹਾਂ ਦੀ ਮੁੱਠੀ ਵਿੱਚ ਹੈ। ਇਹੀ ਕਾਰਨ ਹੈ ਕਿ ਸਿੱਧੂ ਦੀ ਨਿਯੁਕਤੀ ਤੋਂ ਖਫਾ ਹੋਣ ਦੇ ਬਾਵਜੂਦ ਕੈਪਟਨ ਧੜਾ ਚੁੱਪ ਧਾਰੀ ਬੈਠਾ ਹੈ।

ਦੱਸ ਦਈਏ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੱਧੂ ਨੇ ਸੋਮਵਾਰ ਨੂੰ ਸੈਕਟਰ-2 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨੇੜੇ ਆਪਣੀ ਤਾਕਤ ਵਿਖਾਈ। ਨਵੇਂ ਪ੍ਰਧਾਨ ਦਾ ਸਵਾਗਤ ਕਰਨ ਲਈ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਸਰਕਾਰੀ ਰਿਹਾਇਸ਼ 'ਤੇ ਚਾਹ ਪਾਰਟੀ ਰੱਖੀ ਗਈ, ਜਿਸ 'ਚ 5 ਕਾਂਗਰਸੀ ਮੰਤਰੀਆਂ ਸਮੇਤ ਲਗਪਗ 35 ਵਿਧਾਇਕ ਪਹੁੰਚੇ। ਹੈਰਾਨੀ ਦੀ ਗੱਲ ਹੈ ਇਨ੍ਹਾਂ ਵਿੱਚ ਕੁਝ ਵਿਧਾਇਕ ਕੈਪਟਨ ਧੜੇ ਦੇ ਵੀ ਸਨ।

ਇਸ ਮੌਕੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੀ ਮੌਜੂਦ ਸਨ। ਬੀਤੇ ਦਿਨ ਤਕ ਕੈਪਟਨ ਦਾ ਸਮਰਥਨ ਕਰਨ ਵਾਲੇ ਗਿੱਲ ਵਿਧਾਨ ਸਭਾ ਦੇ ਵਿਧਾਇਕ ਕੁਲਦੀਪ ਵੈਦ ਤੇ ਭੋਆ ਤੋਂ ਵਿਧਾਇਕ ਜੋਗਿੰਦਰ ਪਾਲ ਵੀ ਮੌਕੇ 'ਤੇ ਮੌਜੂਦ ਸਨ। ਸਿੱਧੂ ਜਿਸ ਸਮੇਂ ਆਪਣੀ ਤਾਕਤ ਦਾ ਪ੍ਰਦਰਸ਼ਨ ਕਰ ਰਹੇ ਸਨ, ਉਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਸਰਕਾਰੀ ਰਿਹਾਇਸ਼ 'ਚ ਮੌਜੂਦ ਸਨ। ਹਾਲਾਂਕਿ 11 ਮੰਤਰੀਆਂ ਨੇ ਸਿੱਧੂ ਦੇ ਸ਼ਕਤੀ ਪ੍ਰਦਰਸ਼ਨ ਤੋਂ ਦੂਰੀ ਬਣਾਏ ਰੱਖੀ।

ਨਵਜੋਤ ਸਿੱਧੂ ਦੇ ਸਮਰਥਨ 'ਚ ਭਾਵੇਂ 5 ਮੰਤਰੀਆਂ ਸਮੇਤ ਲਗਪਗ 35 ਵਿਧਾਇਕ ਇਕਜੁੱਟ ਹੋਏ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ 11 ਮੰਤਰੀਆਂ ਤੇ 34 ਵਿਧਾਇਕਾਂ ਨੇ ਫਿਲਹਾਲ ਦੂਰੀ ਬਣਾਈ ਰੱਖੀ। ਮਹੱਤਵਪੂਰਨ ਗੱਲ ਇਹ ਹੈ ਕਿ ਲੁਧਿਆਣਾ ਤੋਂ ਕੁਲਦੀਪ ਵੈਦ ਨੂੰ ਛੱਡ ਕੇ ਬਾਕੀ ਵਿਧਾਇਕਾਂ ਨੇ ਸਿੱਧੂ ਦੇ ਸਵਾਗਤ ਲਈ ਰੱਖੀ ਚਾਹ ਪਾਰਟੀ ਤੋਂ ਦੂਰੀ ਬਣਾਈ।

ਦੱਸ ਦੇਈਏ ਕਿ ਕੈਪਟਨ ਨੇ ਸੂਬਾ ਇੰਚਾਰਜ ਹਰੀਸ਼ ਰਾਵਤ ਨੂੰ ਪਹਿਲਾਂ ਹੀ ਕਿਹਾ ਸੀ ਕਿ ਉਹ ਸਿੱਧੂ ਨੂੰ ਉਦੋਂ ਹੀ ਮਿਲਣਗੇ ਜਦੋਂ ਤਕ ਸਿੱਧੂ ਜਨਤਕ ਤੌਰ 'ਤੇ ਉਨ੍ਹਾਂ ਤੋਂ ਮੁਆਫ਼ੀ ਨਹੀਂ ਮੰਗ ਲੈਂਦੇ, ਕਿਉਂਕਿ ਸਿੱਧੂ ਨੇ ਆਪਣੇ ਟਵਿੱਟਰ ਅਕਾਉਂਟ 'ਤੇ ਉਨ੍ਹਾਂ ਤੇ ਉਨ੍ਹਾਂ ਦੀ ਸਰਕਾਰ ਖਿਲਾਫ਼ ਬਹੁਤ ਕੁਝ ਬੋਲਿਆ ਹੈ। ਸਿੱਧੂ ਦੇ ਸਮਰਥਨ 'ਚ ਭਾਵੇਂ 5 ਕਾਂਗਰਸੀ ਮੰਤਰੀ ਤੇ 35 ਵਿਧਾਇਕ ਇਕਜੁੱਟ ਹੋਏ, ਪਰ ਕੈਪਟਨ ਕੈਂਪ ਨੇ ਫਿਲਹਾਲ ਚੁੱਪੀ ਧਾਰੀ ਹੋਈ ਹੈ।

ਕੈਪਟਨ ਕੈਂਪ ਦੀ ਚੁੱਪੀ ਸਭ ਨੂੰ ਹੈਰਾਨ ਕਰ ਰਹੀ ਹੈ, ਕਿਉਂਕਿ ਉਮੀਦ ਕੀਤੀ ਜਾ ਰਹੀ ਹੈ ਕਿ ਹਾਈਕਮਾਨ ਦੇ ਇਸ ਫ਼ੈਸਲੇ ਖ਼ਿਲਾਫ਼ ਕੈਪਟਨ ਕੋਈ ਵੱਡਾ ਕਦਮ ਚੁੱਕ ਸਕਦੇ ਹਨ। ਉੱਥੇ ਹੀ ਦਿਨ ਭਰ ਇਹ ਚਰਚਾ ਚਲਦੀ ਰਹੀ ਕਿ ਮੁੱਖ ਮੰਤਰੀ ਨੇ ਇਕ ਮੀਟਿੰਗ ਬੁਲਾਈ ਹੈ। ਫਿਰ ਇਹ ਚਰਚਾ ਸ਼ੁਰੂ ਹੋਈ ਕਿ ਕੈਪਟਨ ਨੇ ਵਿਧਾਇਕਾਂ ਨੂੰ 21 ਜੁਲਾਈ ਨੂੰ ਦੁਪਹਿਰ ਦੇ ਖਾਣੇ ਲਈ ਬੁਲਾਇਆ ਹੈ। ਹਾਲਾਂਕਿ ਬਾਅਦ 'ਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਇਨ੍ਹਾਂ ਸਾਰੀਆਂ ਚਰਚਾਵਾਂ ਤੋਂ ਇਨਕਾਰ ਕੀਤਾ।

ਇਹ ਮੰਤਰੀ ਤੇ ਵਿਧਾਇਕ ਮੌਜੂਦ ਸਨ
ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਰੰਧਾਵਾ, ਸੁਖਬਿੰਦਰ ਸਿੰਘ ਸਰਕਾਰੀਆ, ਚਰਨਜੀਤ ਸਿੰਘ ਚੰਨੀ, ਰਜ਼ੀਆ ਸੁਲਤਾਨਾ ਤੋਂ ਇਲਾਵਾ ਵਿਧਾਇਕਾਂ 'ਚ ਪਰਮਿੰਦਰ ਪਿੰਕੀ, ਕੁਲਜੀਤ ਨਾਗਰਾ, ਤਰਸੇਮ ਡੀਸੀ, ਅਮਰਿੰਦਰ ਸਿੰਘ ਰਾਜਾ ਵੜਿੰਗ, ਨਾਜਰ ਸਿੰਘ ਮਾਨਸ਼ਾਹੀਆ, ਧਰਮਵੀਰ ਅਗਨੀਹੋਤਰੀ, ਕੁਸ਼ਲਦੀਪ ਢਿੱਲੋਂ, ਸਤਕਾਰ ਕੌਰ, ਨਿਰਮਲ ਸ਼ੁਤਰਾਣਾ, ਸੁਨੀਲ ਦੱਤੀ, ਦਬਿੰਦਰ ਘੁਬਾਇਆ, ਕੁਲਬੀਰ ਜ਼ੀਰਾ, ਬਰਿੰਦਰਮੀਤ ਸਿੰਘ ਪਾਹੜਾ, ਪ੍ਰੀਤਮ ਸਿੰਘ ਕੋਟਭਾਈ, ਦਰਸ਼ਨ ਬਰਾੜ, ਮਦਨ ਲਾਲ ਜਲਾਲਪੁਰ, ਸੁਰਜੀਤ ਧੀਮਾਨ, ਨੱਥੂ ਰਾਮ, ਜੋਗਿੰਦਰ ਪਾਲ, ਚੌਧਰੀ ਸੁਰਿੰਦਰ ਸਿੰਘ, ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਗੁਰਕੀਰਤ ਕੋਟਲੀ, ਲਖਬੀਰ ਸਿੰਘ ਲੱਖਾ, ਅਮਿਤ ਵਿਜ ਸਮੇਤ ਸੁਨੀਲ ਜਾਖੜ ਤੇ ਬਰਿੰਦਰ ਢਿੱਲੋਂ ਮੌਜੂਦ ਸਨ।