ਚੰਡੀਗੜ੍ਹ: ਕਾਂਗਰਸ ਹਾਈ ਕਮਾਨ ਵੱਲੋਂ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਲਾਏ ਜਾਣ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਰਾਜ਼ ਹਨ। ਸਿੱਧੂ ਦੀ ਨਿਯੁਕਤੀ ਮਗਰੋਂ ਕੈਪਟਨ ਨੇ ਹਾਈ ਕਮਾਨ ਅੱਗੇ ਸ਼ਕਤੀ ਪ੍ਰਦਰਸ਼ਨ ਕੀਤਾ ਤੇ ਸਿਸਵਾਂ ਫਾਰਮ ਹਾਊਸ ਛੱਡ ਕੇ ਆਪਣੀ ਸਰਕਾਰੀ ਰਿਹਾਇਸ਼ 'ਤੇ ਪਹੁੰਚੇ। ਇੱਥੇ ਉਨ੍ਹਾਂ ਆਪਣੇ ਕਰੀਬੀ ਵਿਧਾਇਕਾਂ ਤੇ ਮੰਤਰੀਆਂ ਨਾਲ ਮੁਲਾਕਾਤ ਕੀਤੀ।

ਇੱਥੇ ਉਨ੍ਹਾਂ ਨੇ ਆਪਣੇ ਨੇੜਲੇ ਵਿਧਾਇਕਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਸਾਬਕਾ ਪ੍ਰਧਾਨ ਲਾਲ ਸਿੰਘ ਸਮੇਤ ਕਈ ਕਾਂਗਰਸੀ ਆਗੂ ਵੀ ਕੈਪਟਨ ਨੂੰ ਮਿਲਣ ਪਹੁੰਚੇ। ਕੈਪਟਨ ਨੇ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਹ ਗੱਲ ਇਸ ਲਈ ਮਹੱਤਵਪੂਰਨ ਹੋ ਗਈ ਕਿਉਂਕਿ ਕੈਪਟਨ ਅਮਰਿੰਦਰ ਸਿੰਘ 'ਤੇ ਹੁਣ ਤੱਕ ਆਪਣੇ ਹੀ ਵਰਕਰਾਂ ਤੇ ਵਿਧਾਇਕਾਂ ਨਾਲ ਮੁਲਾਕਾਤ ਨਾ ਕਰਨ ਦਾ ਦੋਸ਼ ਲਗਾਇਆ ਗਿਆ ਸੀ।

ਕੈਪਟਨ ਨੇ ਆਪਣੇ ਸ਼ਕਤੀ ਪ੍ਰਦਰਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵੀ ਸ਼ੇਅਰ ਕੀਤੀਆਂ ਪਰ ਆਮ ਜਨਤਾ ਕੈਪਟਨ ਤੋਂ ਇੰਨਾ ਜ਼ਿਆਦਾ ਦੁੱਖੀ ਹੈ ਕਿ ਉਨ੍ਹਾਂ ਸਾਰਾ ਰੋਸ ਇਸ ਫੇਸਬੁੱਕ ਪੋਸਟ ਤੇ ਦਿਖਾ ਦਿੱਤਾ। ਇਨ੍ਹਾਂ ਤਸਵੀਰਾਂ ਤੇ 3 ਹਜ਼ਾਰ ਤੋਂ ਵੱਧ ਲੋਕਾਂ ਨੇ ਕੌਮੈਂਟ ਕੀਤਾ ਹੈ।


 





ਇੱਕ ਯੂਜ਼ਰ ਨੇ ਲਿਖਿਆ, "ਸਿਆਸਤ ਦਾ ਨਸ਼ਾ ਬਹੁਤ ਮਾੜਾ ਜਦੋਂ ਚੜ੍ਹਦਾ ਬੰਦੇ ਨੂੰ ਕੁਝ ਨਜਰ ਨਹੀਂ ਆਉਂਦਾ, ਬੰਦਾ ਖੁਦ ਨੂੰ ਰੱਬ ਦਾ ਜਵਾਈ ਮੰਨਣ ਲੱਗ ਜਾਂਦਾ, ਇਹ ਉਹ ਵਿਧਾਇਕ ਆ ਜਿਨ੍ਹਾਂ ਨੂੰ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਮਿਲਣਾ ਤੇ ਦੂਰ ਦੀ ਗੱਲ ਕਦੇ ਫੋਨ ਤੇ ਵੀ ਗੱਲ ਨਹੀਂ ਹੋਈ ਹੋਣੀ, ਇਹ ਵੀ ਸੋਚਦੇ ਹੋਣੇ ਆਂ ਜਾਂਦੀ ਵਾਰ ਦੇ ਕੈਪਟਨ ਸਾਬ ਦੇ ਦਰਸ਼ਨ ਈ ਕਰ ਆਈਏ।"

ਇੱਕ ਹੋਰ ਯੂਜ਼ਰ ਨੇ ਲਿਖਿਆ, "ਕੈਪਟਨ ਜੀ ਜਿਹੜੀ ਕਾਂਗਰਸ ਲਈ ਗੁਟਕਾ ਸਾਹਿਬ ਦੀ ਸਹੁੰ ਖਾਧੀ, ਜਿਹੜੀ ਕਾਂਗਰਸ ਲਈ ਬਾਦਲਾਂ ਨਾਲ ਯਰਾਨੇ ਪੁਗਾਏ, ਜਿਹੜੀ ਕਾਂਗਰਸ ਲਈ ਪੰਜਾਬ ਦੇ ਲੋਕਾਂ ਨਾਲ ਧੋਖੇ 'ਤੇ ਧੋਖਾ ਕੀਤਾ, ਉਸੇ ਕਾਂਗਰਸ ਨੇ ਅੱਜ ਸਿੱਧੂ ਨੂੰ ਪ੍ਰਧਾਨ ਬਣਾਇਆ ਤੇ ਤੁਹਾਡੀ ਹਾਂ ਜਾਂ ਨਾਂਹ ਵੀ ਜ਼ਰੂਰੀ ਨਹੀਂ ਸਮਝੀ, ਜੇ ਕਿਤੇ ਬੀਤੇ ਸਾਢੇ ਚਾਰ ਸਾਲਾਂ 'ਚ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਹੁੰਦੇ ਤਾਂ ਅੱਜ ਸ਼ਾਇਦ ਸਾਰਾ ਪੰਜਾਬ ਤੁਹਾਡੇ ਨਾਲ ਹੁੰਦਾ।"

ਇਸ ਤਰ੍ਹਾਂ ਬਹੁਤ ਸਾਰੇ ਲੋਕਾਂ ਨੇ ਕੌਮੈਂਟ ਕਰਕੇ ਕੈਪਟਨ ਨੂੰ ਆਪਣਾ ਰੋਸ ਜ਼ਾਹਰ ਕੀਤਾ। ਇੱਕ ਹੋਰ ਯੂਜ਼ਰ ਨੇ ਲਿਖਿਆ, "ਸੀਐਮ ਸਾਹਿਬ ਵਕਤ ਕਿਸੇ ਦਾ ਹਮੇਸ਼ਾ ਨਹੀਂ ਹੁੰਦਾ, ਇਸ ਗੱਲ ਦਾ ਅੰਦਾਜ਼ਾ ਤਾਂ ਤੁਹਾਨੂੰ ਲੱਗ ਹੀ ਗਿਆ ਹੋਣਾ ਏ। ਬਾਕੀ ਸਾਡੇ ਗੁਰੂ ਸਾਹਿਬਾਨ ਨੇ ਕਿਹਾ ਸੀ ਕਿ ਸਹੁੰ ਝੂਠੀ ਵੀ ਮਾਰੇ, ਤੇ ਸੱਚੀ ਵੀ ਮਾਰੇ ਤੇ ਤੁਸੀਂ ਪਵਿੱਤਰ ਗੁਰਬਾਣੀ ਦਾ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾ ਕੇ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡਾ ਧੋਖਾ ਦਿੱਤਾ, ਜਿਸ ਦਾ ਹਸ਼ਰ ਤੁਹਾਡੇ ਸਾਹਮਣੇ ਹੀ ਹੈ।"