ਹੁਸ਼ਿਆਰਪੁਰ: ਲੋਕ ਸਭਾ ਚੋਣਾਂ ਸਬੰਧੀ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਕਾਂਗਰਸ ਦੇ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਨੇ ਅੱਜ ਨਾਮਜ਼ਦਗੀ ਦਾਖ਼ਲ ਕੀਤੀ ਪਰ ਉਨ੍ਹਾਂ ਖਿਲਾਫ ਸੰਤੋਸ਼ ਚੌਧਰੀ ਦੀ ਬਗਾਵਤ ਬਰਕਰਾਰ ਰਹੀ। ਇਸ ਮੌਕੇ ਡਾ. ਰਾਜ ਕੁਮਾਰ ਚੱਬੇਵਾਲ ਨਾਲ ਸੂਬਾ ਪ੍ਰਧਾਨ ਆਸ਼ਾ ਕੁਮਾਰੀ, ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ, ਜਲੰਧਰ ਤੋਂ ਕੇਪੀ ਚੌਧਰੀ ਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਡਾ. ਕੁਲਦੀਪ ਨੰਦਾ ਮੌਜੂਦ ਸਨ। ਨਾਮਜ਼ਦਗੀ ਭਰਨ ਤੋਂ ਪਹਿਲਾਂ ਡਾ. ਰਾਜ ਨੇ ਭਾਰੀ ਇਕੱਠ ਨਾਲ ਆਪਣਾ ਸ਼ਕਤੀ ਪ੍ਰਦਰਸ਼ਨ ਵੀ ਕੀਤਾ।




ਇਸ ਤੋਂ ਪਹਿਲਾਂ ਟਿਕਟ ਨਾ ਮਿਲਣ ਕਰਕੇ ਪਾਰਟੀ ਨਾਲ ਨਾਰਾਜ਼ ਚੱਲ ਰਹੀ ਸੰਤੋਸ਼ ਚੌਧਰੀ ਨੂੰ ਮਨਾਉਣ ਲਈ ਪੰਜਾਬ ਇੰਚਾਰਜ਼ ਆਸ਼ਾ ਕੁਮਾਰੀ ਉਨ੍ਹਾਂ ਦੇ ਘਰ ਪੁੱਜੇ ਪਰ ਗੱਲ ਨਹੀਂ ਬਣੀ। ਆਸ਼ਾ ਕੁਮਾਰੀ ਨੂੰ ਬੇਰੰਗ ਵਾਪਸ ਮੁੜਨਾ ਪਿਆ। ਇਸ ਦੌਰਾਨ ਚੌਧਰੀ ਦੇ ਘਰ ਕਾਫ਼ੀ ਹੰਗਾਮਾ ਵੀ ਹੋਇਆ। ਕਈ ਵਰਕਰ ਤਾਂ ਆਸ਼ਾ ਕੁਮਾਰੀ ਨਾਲ ਝਗੜਾ ਕਰ ਰਹੇ ਸੀ। ਇਸ ਕਰਕੇ ਉਹ ਵਰਕਰਾਂ ਤੇ ਮੀਡੀਆ ਵਿਚਾਲੇ ਫਸ ਗਏ ਤੇ ਮੀਡੀਆ ਦੇ ਸਵਾਲਾਂ ਦਾ ਜਵਾਬ ਨਹੀਂ ਦੇ ਸਕੇ। ਵਰਕਰਾਂ ਨੇ ਸੰਤੋਸ਼ ਚੌਧਰੀ ਨੂੰ ਆਸ਼ਾ ਕੁਮਾਰੀ ਨਾਲ ਨਹੀਂ ਜਾਣ ਦਿੱਤਾ।

ਹਾਲਾਂਕਿ ਆਸ਼ਾ ਕੁਮਾਰੀ ਨੇ ਕਿਹਾ ਕਿ ਸੰਤੋਸ਼ ਚੌਧਰੀ ਉਨ੍ਹਾਂ ਦੀ ਭੈਣ ਵਰਗੇ ਹਨ। ਉਹ ਸਿਰਫ ਉਨ੍ਹਾਂ ਨੂੰ ਮਿਲਣ ਲਈ ਹੀ ਉਨ੍ਹਾਂ ਦੇ ਘਰ ਪਹੁੰਚੇ ਸਨ। ਟਿਕਟ ਕਿਸ ਨੂੰ ਦੇਣਾ ਹੈ, ਇਹ ਪਾਰਟੀ ਹਾਈਕਮਾਨ ਦੇ ਹੱਥ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬਾਦਲ ਜੋੜਾ ਚਾਹੇ ਕਿਤਿਓਂ ਵੀ ਚੋਣ ਲੜ ਲੈਣ, ਜਿੱਤ ਤਾਂ ਕਾਂਗਰਸੀ ਉਮੀਦਵਾਰਾਂ ਦੀ ਹੀ ਹੋਏਗੀ।