ਚੰਡੀਗੜ੍ਹ: ਪੰਜਾਬ ਏਕਤਾ ਪਾਰਟੀ ਦੇ ਲੀਡਰ ਸੁਖਪਾਲ ਖਹਿਰਾ ਨੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਤੇ ਆਮ ਆਦਮੀ ਪਾਰਟੀ (ਆਪ) ਦੀ ਸਲਾਹ ਤੇ ਪੇਸ਼ਕਸ਼ ਠੁਕਰਾ ਦਿੱਤੀ ਹੈ। ਦੋਵਾਂ ਪਾਰਟੀਆਂ ਨੇ ਖਹਿਰਾ ਨੂੰ ਸਲਾਹ ਦਿੱਤੀ ਸੀ ਕਿ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਪੰਜਾਬ ਡੈਮੋਕ੍ਰੈਟਿਕ ਅਲਾਇੰਸ (ਪੀਡੀਏ) ਦੀ ਉਮੀਦਵਾਰ ਪਰਮਜੀਤ ਕੌਰ ਖਾਲੜਾ ਨੂੰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਾਈ ਜਾਵੇ।


ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੇ ਬੀਬੀ ਖਾਲੜਾ ਦੇ ਹੱਕ 'ਚ ਆਪਣਾ ਉਮੀਦਵਾਰ ਜਨਰਲ ਜੇਜੇ ਸਿੰਘ ਵਾਪਸ ਲੈ ਲਿਆ ਹੈ ਪਰ ਨਾਲ ਹੀ ਸਲਾਹ ਦਿੱਤੀ ਸੀ ਕਿ ਪੰਜਾਬ ਏਕਤਾ ਪਾਰਟੀ ਬੀਬੀ ਖਾਲੜਾ ਨੂੰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਾਏ। ਟਸਾਲੀਆਂ ਦਾ ਤਰਕ ਹੈ ਕਿ ਅਜਿਹਾ ਕਰਨ ਨਾਲ ਹੋਰ ਧਿਰਾਂ ਵੀ ਬੀਬੀ ਖਾਲੜਾ ਦੀ ਹਮਾਇਤ ਕਰਨ ਲਈ ਅੱਗੇ ਆਉਣਗੀਆਂ।

ਇਸੇ ਤਰ੍ਹਾਂ ਆਮ ਆਦਮੀ ਪਾਰਟੀ (ਆਪ) ਨੇ ਵੀ ਸ਼ਰਤ ਰੱਖੀ ਸੀ ਕਿ ਜੇ ਬੀਬੀ ਖਾਲੜਾ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਦੇ ਹਨ ਤਾਂ ਉਹ ਹਮਾਇਤ ਕਰਨ ਲਈ ਤਿਆਰ ਹਨ। ਖਹਿਰਾ ਨੇ ਆਮ ਆਦਮੀ ਪਾਰਟੀ (ਆਪ) ਵੱਲੋਂ ਹਮਾਇਤ ਦੇਣ ਦੀ ਕੀਤੀ ਪੇਸ਼ਕਸ ਨੂੰ ਮੂਲੋਂ ਹੀ ਰੱਦ ਕਰ ਦਿੱਤ ਹੈ।ਉਨ੍ਹਾਂ ਕਿਹਾ ਕਿ ਬੀਬੀ ਖਾਲੜਾ ਉਨ੍ਹਾਂ ਦੀ ਪਾਰਟੀ ਵੱਲੋਂ ਹੀ ਚੋਣ ਲੜਨਗੇ।

ਖਹਿਰਾ ਨੇ ਦਾਅਵਾ ਕੀਤਾ ਕਿ ਬੀਬੀ ਖਾਲੜਾ ਦੇ ਪਤੀ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਕਰਕੇ ਹੀ ਅੱਜ ਉਨ੍ਹਾਂ ਨੂੰ ਭਾਰਤੀ ਕਿਸਾਨ ਯੂਨੀਅਨ, ਸੰਤ ਸਮਾਜ ਸਣੇ ਹੋਰ ਧਿਰਾਂ ਵੱਲੋਂ ਹਮਾਇਤ ਦਿੱਤੀ ਜਾ ਰਹੀ ਹੈ।