ਸ੍ਰੀ ਮੁਕਤਸਰ ਸਾਹਿਬਃ ਲੋਕ ਸਭਾ ਚੋਣਾਂ ਵਿੱਚ ਇਸ ਵਾਰ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵੀ ਕੁੱਦ ਪਏ ਹਨ। ਸੁਖਬੀਰ ਬਾਦਲ ਲੋਕ ਸਭਾ ਹਲਕਾ ਫ਼ਿਰੋਜ਼ਪੁਰ ਅਤੇ ਉਨ੍ਹਾਂ ਦੀ ਪਤਨੀ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਬਠਿੰਡਾ ਤੋੰ ਚੋਣ ਲੜਨਗੇ। ਇਹ ਐਲਾਨ ਮੰਗਲਵਾਰ ਸਵੇਰੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਹੈ। ਇਸੇ ਐਲਾਨ ਨਾਲ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਵਿੱਚੋੰ ਆਪਣੇ ਹਿੱਸੇ ਦੇ 10 ਉਮੀਦਵਾਰ ਐਲਾਨ ਦਿੱਤੇ ਹਨ । ਹਾਲੇ ਭਾਜਪਾ ਵੱਲੋੰ ਤਿੰਨ ਵਿੱਚੋੰ ਦੋ ਉਮੀਦਵਾਰਾਂ ਦਾ ਐਲਾਨ ਬਾਕੀ ਹੈ ।


ਫ਼ਿਰੋਜ਼ਪੁਰ ਤੋੰ ਸੁਖਬੀਰ ਬਾਦਲ ਦਾ ਮੁਕਾਬਲਾ ਮੌਜੂਦਾ ਸੰਸਦ ਮੈੰਬਰ ਸ਼ੇਰ ਸਿੰਘ ਘੁਬਾਇਆ ਨਾਲ ਹੋਵੇਗਾ। ਇਸ ਤੋੰ ਇਲਾਵਾ ਆਮ ਆਦਮੀ ਪਾਰਟੀ ਦੇ ਹਰਜਿੰਦਰ ਸਿੰਘ ਕਾਕਾ, ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੇ ਕਾਮਰੇਡ ਹੰਸ ਰਾਜ ਗੋਲਡਨ ਵੀ ਚੋਣ ਮੈਦਾਨ ਵਿੱਚ ਹਨ। ਇਸੇ ਤਰ੍ਹਾਂ ਬਠਿੰਡਾ ਲੋਕ ਸਭਾ ਸੀਟ ਤੋੰ ਹਰਸਿਮਰਤ ਬਾਦਲ ਦਾ ਮੁਕਾਬਲਾ ਕਾਂਗਰਸ ਦੇ ਨੌਜਵਾਨ ਆਗੂ ਤੇ ਗਿੱਦੜਬਾਹਾ ਤੋੰ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਪੀਡੀਏ ਤੋੰ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਅਤੇ 'ਆਪ' ਦੀ ਤਲਵੰਡੀ ਸਾਬੋ ਤੋੰ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨਾਲ ਹੋਵੇਗਾ।

ਅਕਾਲੀ ਦਲ ਲਈ ਇਹ ਦੋਵੇੰ ਸੀਟਾਂ ਖਾਸੀ ਅਹਿਮੀਅਤ ਰੱਖਦੀਆੰ ਹਨ। ਸੁਖਬੀਰ ਬਾਦਲ ਲੰਮੇ ਅਰਸੇ ਬਾਅਦ ਕੌਮੀ ਸਿਆਸਤ ਵਿੱਚ ਕਦਮ ਰੱਖਣ ਜਾ ਰਹੇ ਹਨ। ਸੁਖਬੀਰ ਬਾਦਲ ਦੇ ਮੁਕਾਬਲੇ ਹਰਸਿਮਰਤ ਬਾਦਲ ਦਾ ਸੰਸਦੀ ਹਲਕਾ ਦਿੱਗਜ ਉਮੀਦਵਾਰਾਂ ਨਾਲ ਭਰਪੂਰ ਹੈ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਆਖਰੀ ਯਾਨੀ ਕਿ ਸੱਤਵੇਂ ਗੇੜ ਦੌਰਾਨ 19 ਮਈ ਨੂੰ ਵੋਟਾਂ ਪੈਣਗੀਆਂ ਤੇ 23 ਮਈ ਨੂੰ ਨਤੀਜੇ ਐਲਾਨੇ ਜਾਣਗੇ।

ਦੇਖੋ ਅਕਾਲੀ-ਭਾਜਪਾ ਵੱਲੋੰ ਹੁਣ ਤਕ ਐਲਾਨੇ ਉਮੀਦਵਾਰ-

  1. ਫ਼ਿਰੋਜ਼ਪੁਰ - ਸੁਖਬੀਰ ਸਿੰਘ ਬਾਦਲ

  2. ਬਠਿੰਡਾ - ਹਰਸਿਮਰਤ ਕੌਰ ਬਾਦਲ

  3. ਖਡੂਰ ਸਾਹਿਬ - ਬੀਬੀ ਜਗੀਰ ਕੌਰ

  4. ਜਲੰਧਰ (ਰਾਖਵਾਂ) - ਚਰਨਜੀਤ ਸਿੰਘ ਅਟਵਾਲ

  5. ਸ੍ਰੀ ਅਨੰਦਪੁਰ ਸਾਹਿਬ - ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ

  6. ਪਟਿਆਲਾ - ਸੁਰਜੀਤ ਸਿੰਘ ਰੱਖੜਾ

  7. ਸ੍ਰੀ ਫ਼ਤਹਿਗੜ੍ਹ ਸਾਹਿਬ - ਦਰਬਾਰਾ ਸਿੰਘ ਗੁਰੂ

  8. ਸੰਗਰੂਰ - ਪਰਮਿੰਦਰ ਸਿੰਘ ਢੀਂਡਸਾ

  9. ਫ਼ਰੀਦਕੋਟ - ਗੁਲਜ਼ਾਰ ਸਿੰਘ ਰਣੀਕੇ

  10. ਲੁਧਿਆਣਾ - ਮਹੇਸ਼ ਇੰਦਰ ਗਰੇਵਾਲ

  11. ਅੰਮ੍ਰਿਤਸਰ - ਹਰਦੀਪ ਸਿੰਘ ਪੁਰੀ (ਭਾਜਪਾ)