ਚੰਡੀਗੜ੍ਹ: ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਆਏ ਦਿਨ ਵਿਵਾਦਾਂ ਵਿੱਚ ਘਿਰੇ ਰਹਿੰਦੇ ਹਨ। ਤਾਜ਼ਾ ਮਾਮਲਾ ਬਿਹਾਰ ਦੇ ਕਟਿਹਾਰ ਵਿੱਚ ਸਿੱਧੂ ਵੱਲੋਂ ਕੀਤੀ ਫਿਰਕੂ ਬਿਆਨਬਾਜ਼ੀ ਦਾ ਹੈ ਜਿਸ ਕਰਕੇ ਚੋਣ ਕਮਿਸ਼ਨ ਨੇ ਸਿੱਧੂ ਦੇ ਚੋਣ ਪ੍ਰਚਾਰ ਕਰਨ ਉੱਤੇ 72 ਘੰਟਿਆਂ ਲਈ ਪਾਬੰਧੀ ਲਾ ਦਿੱਤੀ ਹੈ। ਮੰਗਲਵਾਰ ਤੋਂ 3 ਦਿਨਾਂ ਤਕ ਸਿੱਧੂ ਕਿਸੇ ਤਰ੍ਹਾਂ ਦਾ ਚੋਣ ਪ੍ਰਚਾਰ, ਰੋਡ ਸ਼ੋਅ ਜਾਂ ਰੈਲੀ ਨਹੀਂ ਕਰ ਸਕਣਗੇ।


ਜ਼ਿਕਰਯੋਗ ਹੈ ਕਿ ਰੈਲੀ ਦੌਰਾਨ ਸਿੱਧੂ ਦੀ ਫਿਰਕੂ ਬਿਆਨਬਾਜ਼ੀ ਤੋਂ ਵਿਵਾਦ ਖੜ੍ਹਾ ਹੋ ਗਿਆ ਸੀ। ਬਿਹਾਰ ਦੇ ਮੁੱਖ ਚੋਣ ਅਧਿਕਾਰੀ ਐਚ ਆਰ ਸ੍ਰੀਨਿਵਾਸ ਮੁਤਾਬਕ ਸਿੱਧੂ ਖਿਲਾਫ਼ ਧਾਰਾ 123(3) ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਹ ਧਾਰਾ ਉਮੀਦਵਾਰਾਂ ਵੱਲੋਂ ਭਾਰਤੀ ਨਾਗਰਿਕਾਂ ਵਿੱਚ ਧਰਮ, ਜਾਤੀ, ਫਿਰਕੇ ਤੇ ਭਾਸ਼ਾ ਦੇ ਅਧਾਰ ’ਤੇ ਨਫਰ਼ਤ ਤੇ ਦੁਸ਼ਮਣੀ ਦੀ ਭਾਵਨਾ ਵਧਾਉਣ ਦੀਆਂ ਕੋਸ਼ਿਸ਼ਾਂ ’ਤੇ ਰੋਕ ਲਾਉਂਦੀ ਹੈ।

ਸਬੰਧਿਤ ਖ਼ਬਰ: ਮੁਸਲਮਾਨਾਂ ਦੇ ਵੋਟ ਮੰਗਣ 'ਤੇ ਮਜੀਠੀਆ ਨੇ ਸਿੱਧੂ ਨੂੰ ਘੇਰਿਆ

ਦਰਅਸਲ ਸਿੱਧੂ ਨੇ ਵਿਰੋਧੀ ਮਹਾਂਗੱਠਜੋੜ ਵਿੱਚ ਸ਼ਾਮਲ ਕਾਂਗਰਸੀ ਉਮੀਦਵਾਰ ਤਾਰਿਕ ਅਨਵਰ ਦੇ ਪੱਖ ਵਿੱਚ ਮੁਸਲਿਮ ਬਹੁਗਿਣਤੀ ਵਾਲੇ ਕਟਿਹਾਰ ਵਿੱਚ ਕਰਵਾਈ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ’ਤੇ ਨਿਸ਼ਾਨਾ ਸਾਧਦਿਆਂ ਮੁਸਲਮਾਨਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਵੰਡਿਆ ਜਾ ਰਿਹਾ ਹੈ। ਉਨ੍ਹਾਂ ਮੁਸਲਮਾਨ ਤਬਕੇ ਨੂੰ ਇੱਕਜੁੱਟ ਹੋ ਕੇ ਕਾਂਗਰਸ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਕਿਹਾ ਸੀ।

ਇਹ ਵੀ ਪੜ੍ਹੋ: ਨਵਜੋਤ ਸਿੱਧੂ ਲਈ ਨਵਾਂ ਪੁਆੜਾ, ਐਫਆਈਆਰ ਦਰਜ

ਕਟਿਹਾਰ ਦੇ ਗੁਆਂਢੀ ਹਲਕੇ ਕਿਸ਼ਨਗੰਜ ਜਿੱਥੋਂ ਏਆਈਐਮਆਈਐਮ ਨੇ ਆਪਣਾ ਉਮੀਦਵਾਰ ਉਤਾਰਿਆ ਹੈ, ਵੱਲ ਇਸ਼ਾਰਾ ਕਰਦਿਆਂ ਸਿੱਧੂ ਨੇ ਕਿਹਾ ਕਿ ਇੱਥੇ ਓਵੈਸੀ ਜਿਹੇ ਲੋਕਾਂ ਨੂੰ ਲਿਆ ਕੇ ਵਿਰੋਧੀ ਸਥਾਨਕ ਲੋਕਾਂ ਨੂੰ ਵੰਡ ਕੇ ਜਿੱਤਣਾ ਲੋਚਦੇ ਹਨ। ਸਿੱਧੂ ਨੇ ਲੋਕਾਂ ਨੂੰ ਕਿਹਾ ਕਿ ਇੱਥੇ ਘੱਟਗਿਣਤੀ ਭਾਈਚਾਰਾ ਬਹੁਗਿਣਤੀ ਵਿਚ ਹੈ। ਉਨ੍ਹਾਂ ਕਿਹਾ ਕਿ ਜੇ ਸਾਰਿਆਂ ਨੇ ਇਕਜੁੱਟ ਹੋ ਕੇ ਵੋਟ ਪਾਈ ਤਾਂ ਸਭ ਪਲਟ ਜਾਵੇਗਾ।

ਹੋਰ ਖ਼ਬਰ: ਮੋਦੀ ਦੇ ਗੜ੍ਹ 'ਚ ਗਰਜੇ ਨਵਜੋਤ ਸਿੱਧੂ, ਕਹਿ ਗਏ ਵੱਡੀ ਗੱਲ!