ਨਵੀਂ ਦਿੱਲੀ: ਕਾਂਗਰਸ ਦੀ ਜਨਰਲ ਸਕੱਤਰ ਤੇ ਪੂਰਬੀ ਉੱਤਰ ਪ੍ਰਦੇਸ਼ ਦੀ ਇੰਚਾਰਜ ਪ੍ਰਿਅੰਕਾ ਗਾਂਧੀ ਅੱਜ ਅਮੇਠੀ ਵਿੱਚ ਸਮ੍ਰਿਤੀ ਇਰਾਨੀ 'ਤੇ ਭੜਕ ਗਏ। ਉਨ੍ਹਾਂ ਇਰਾਨੀ 'ਤੇ ਅਮੇਠੀ ਦੇ ਲੋਕਾਂ ਦੇ ਅਪਮਾਨ ਦਾ ਇਲਜ਼ਾਮ ਲਾਇਆ। ਉਨ੍ਹਾਂ ਕਿਹਾ ਕਿ ਅਮੇਠੀ ਵਿੱਚ ਆ ਕੇ ਇੱਥੋਂ ਦੇ ਲੋਕਾਂ ਨੂੰ ਇਹ ਕਹਿ ਕੇ ਜੁੱਤੀਆਂ ਵੰਡੀਆਂ ਕਿ ਇਨ੍ਹਾਂ ਲੋਕਾਂ ਕੋਲ ਜੁੱਤੀਆਂ ਨਹੀਂ। ਇਹ ਅਮੇਠੀ ਦੇ ਲੋਕਾਂ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਅਮੇਠੀ ਦੇ ਲੋਕ ਕਿਸੇ ਕੋਲੋਂ ਕੁਝ ਮੰਗਣ ਨਹੀਂ ਜਾਂਦੇ।


ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਅਮੇਠੀ ਦੀ ਜਨਤਾ ਕਿਸੇ ਕੋਲੋਂ ਭੀਖ ਨਹੀਂ ਮੰਗੇਗੀ। ਜੇ ਭੀਖ ਮੰਗਣੀ ਹੈ ਤਾਂ ਉਹ ਬਾਹਰੀ ਲੋਕ ਆ ਕੇ ਲੋਕਾਂ ਕੋਲੋਂ ਭੀਖ ਮੰਗਣਗੇ। ਉਨ੍ਹਾਂ ਕਿਹਾ ਕਿ ਸਮ੍ਰਿਤੀ ਇਰਾਨੀ ਝੂਠ ਫੈਲਾਉਂਦੇ ਹਨ ਕਿ ਅਮੇਠੀ ਦੇ ਸਾਂਸਦ ਰਾਹੁਲ ਗਾਂਧੀ ਲੋਕਾਂ ਵਿੱਚ ਨਹੀਂ ਆਉਂਦੇ। ਲੋਕ ਖ਼ੁਦ ਜਾਣਦੇ ਹਨ ਕਿ ਰਾਹੁਲ ਇੱਥੇ ਕਿੰਨਾ ਜ਼ਿਆਦਾ ਆਉਂਦੇ ਹਨ ਤੇ ਲੋਕਾਂ ਵਿੱਚ ਕਿੰਨਾ ਸਮਾਂ ਬਿਤਾਉਂਦੇ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਮੋਦੀ ਸਰਕਾਰ ਨੇ ਅਮੇਠੀ ਦੇ ਵਿਕਾਸ ਨੂੰ ਵਧਾਉਣ ਦਾ ਨਹੀਂ, ਬਲਕਿ ਰੁਕਵਾਉਣ ਦਾ ਕੰਮ ਕੀਤਾ ਹੈ। ਜੇ ਅਮੇਠੀ ਵਿੱਚ ਫੂਡ ਪਾਰਕ ਬਣ ਜਾਂਦਾ ਤਾਂ ਪੰਜ ਸਾਲਾਂ ਵਿੱਚ ਲੱਖਾਂ ਲੋਕਾਂ ਨੂੰ ਰੁਜ਼ਗਾਰ ਮਿਲਦਾ ਪਰ ਮੋਦੀ ਸਰਕਾਰ ਨੇ ਅਜਿਹਾ ਨਹੀਂ ਹੋਣ ਦਿੱਤਾ। ਉਨ੍ਹਾਂ ਕਿਹਾ ਕਿ ਜੇ ਸਰਕਾਰ ਵਿਕਾਸ ਕਰਨਾ ਚਾਹੁੰਦੀ ਹੈ ਤਾਂ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਵਿਕਾਸ ਕੌਣ ਕਰ ਰਿਹਾ ਹੈ।