ਕੋਲੰਬੋ: ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਵਿੱਚ ਇੱਕ ਹੋਰ ਬੰਬ ਧਮਾਕਾ ਹੋਇਆ ਹੈ। ਇਹ ਧਮਾਕਾ ਚਰਚ ਦੇ ਨਜ਼ਦੀਕ ਬੰਬ ਨੂੰ ਨਕਾਰਾ ਕਰਨ ਦੌਰਾਨ ਹੋਇਆ। ਹਾਲਾਂਕਿ ਇਸ ਬਾਰੇ ਹਾਲੇ ਤਕ ਅਧਿਕਾਰਤ ਪੁਸ਼ਟੀ ਨਹੀਂ ਹੋਈ। ਅੱਜ ਪੁਲਿਸ ਨੂੰ ਬੱਸ ਸਟੇਸ਼ਨ ਤੋਂ 87 ਬੰਬ ਡੇਟੋਨੇਟਰ ਵੀ ਮਿਲੇ ਹਨ।

ਯਾਦ ਰਹੇ ਬੀਤੇ ਦਿਨ ਸ੍ਰੀਲੰਕਾ ਵਿੱਚ ਇੱਕ ਤੋਂ ਬਾਅਦ ਇੱਕ 8 ਬੰਬ ਧਮਾਕੇ ਹੋਏ। ਇਸ ਦੌਰਾਨ ਹੁਣ ਤਕ 290 ਲੋਕਾਂ ਦੀ ਜਾਨ ਚਲੀ ਗਈ ਤੇ 500 ਤੋਂ ਵੱਧ ਜ਼ਖ਼ਮੀ ਹੋਏ ਹਨ। ਜਾਣਕਾਰੀ ਮੁਤਾਬਕ ਮਰਨ ਵਾਲਿਆਂ ਵਿੱਚ 8 ਭਾਰਤੀ ਵੀ ਸ਼ਾਮਲ ਹਨ।

ਪੁਲਿਸ ਨੇ ਹੁਣ ਤਕ ਸ਼ੱਕ ਦੇ ਆਧਾਰ 'ਤੇ 24 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹਾਲੇ ਤਕ ਕਿਸੇ ਅੱਤਵਾਦੀ ਸੰਗਠਨ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ। ਉਂਞ ਕਿਹਾ ਜਾ ਰਿਹਾ ਹੈ ਕਿ ਧਮਾਕਿਆਂ ਵਿੱਚ ਨੈਸ਼ਨਲ ਤੌਹੀਦ ਜਮਾਤ (NTJ) ਦਾ ਹੱਥ ਹੋ ਸਕਦਾ ਹੈ।

ਸ੍ਰੀਲੰਕਾ ਵਿੱਚ ਮੌਜੂਦ ਸਥਿਤੀ ਨੂੰ ਦੇਖਦਿਆਂ ਰਾਸ਼ਟਰਪਤੀ ਮੈਤ੍ਰਿਪਾਲਾ ਸਿਰਿਸੇਨਾ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਸਰਕਾਰ ਨੇ ਮੰਗਲਵਾਰ ਨੂੰ ਰਾਸ਼ਟਰੀ ਸ਼ੋਕ ਦਿਵਸ ਮਨਾਉਣ ਦਾ ਵੀ ਐਲਾਨ ਕੀਤਾ ਹੈ।