ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਪਣੇ ਰਹਿੰਦੇ ਦੋ ਉਮੀਦਵਾਰਾਂ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਫ਼ਿਰੋਜ਼ਪੁਰ ਲੋਕ ਸਭਾ ਸੀਟ ਤੋਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਤੇ ਬਠਿੰਡਾ ਸੀਟ ਤੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇੱਕ ਗੱਲ ਦਾ ਐਲਾਨ ਕੀਤਾ। ਉਨ੍ਹਾਂ ਕਿਹਾ “ਪਾਰਟੀ ਨੇ ਇਹ ਫੈਸਲਾ ਲਿਆ ਹੈ ਕਿ ਸੁਖਬੀਰ ਬਾਦਲ ਨੂੰ ਫ਼ਿਰੋਜ਼ਪੁਰ ਸੀਟ ਤੋਂ ਤੇ ਹਰਸਿਮਰਤ ਬਾਦਲ ਨੂੰ ਬਠਿੰਡਾ ਸੀਟ ਤੋਂ ਚੋਣ ਮੈਦਾਨ ‘ਚ ਉਤਰਣਗੇ।” ਇਸ ਤੋਂ ਪਹਿਲਾਂ ਅਕਾਲੀ ਦਲ ਸੂਬੇ ‘ਚ ਅੱਠ ਸੀਟਾਂ ‘ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਚੁੱਕਾ ਹੈ।

ਪੰਜਾਬ ‘ਚ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਹੈ। ਸੂਬੇ ‘ਚ 13 ਲੋਕ ਸਭਾ ਸੀਟਾਂ ਹਨ। ਇਨ੍ਹਾਂ 13 ਸੀਟਾਂ ਵਿੱਚੋਂ 10 ‘ਤੇ ਅਕਾਲੀ ਦਲ ਤੇ 3 ‘ਤੇ ਬੀਜੇਪੀ ਚੋਣ ਲੜ ਰਹੀ ਹੈ। ਉਧਰ ਕਾਂਗਰਦ ਨੇ ਫ਼ਿਰੋਜ਼ਪੁਰ ਸੀਟ ਤੋਂ ਸ਼ੇਰ ਸਿੰਘ ਘੁਬਾਇਆ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ।

ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਜਲਾਲਾਬਾਦ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ। ਗੱਲ ਕਰੀਏ ਹਰਸਿਮਰਤ ਬਾਦਲ ਦੀ ਤਾਂ ਉਹ ਦੋ ਵਾਰ ਸੰਸਦ ਮੈਂਬਰ ਰਹਿ ਚੁੱਕੀ ਹੈ। ਫਿਲਹਾਲ ਉਹ ਮੋਦੀ ਸਰਕਾਰ ‘ਚ ਅਕਾਲੀ ਦਲ ਕੋਟੇ ਤੋਂ ਮੰਤਰੀ ਵੀ ਹੈ। ਉਸ ਖਿਲਾਫ ਕਾਂਗਰਸ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ। ਇਸੇ ਸੀਟ ਤੋਂ ਪੰਜਾਬ ਏਕਤਾ ਪਾਰਟੀ ਦੇ ਉਮੀਦਵਾਰ ਤੇ ਵਿਧਾਇਕ ਸੁਖਪਾਲ ਖਹਿਰਾ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ।