ਚੰਡੀਗੜ੍ਹ: ਪਿਛਲੇ ਦਿਨੀਂ ਪਟਿਆਲਾ ਨੇੜੇ ਇੱਕ ਨਿਹੰਗ ਸਿੰਘ ਵੱਲੋਂ ਐਸਆਈ ਹਰਜੀਤ ਸਿੰਘ ਦਾ ਹੱਥ ਵੱਢ ਦਿੱਤਾ ਗਿਆ ਸੀ। ਹਰਜੀਤ ਸਿੰਘ ਦਾ ਪੀਜੀਆਈ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਡਾਕਟਰ ਦੀ ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਹਰਜੀਤ ਦਾ ਹੱਥ ਜੋੜ ਦਿੱਤਾ ਗਿਆ। ਅੱਜ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।


ਇਸ ਸਮੇਂ ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਸਮੇਤ ਕਈ ਪੁਲਿਸ ਮੁਲਾਜ਼ਮ ਵੀ ਹਸਪਤਾਲ ਪਹੁੰਚੇ ਸਨ। ਡੀਜੀਪੀ ਨੇ ਹਰਜੀਤ ਸਿੰਘ ਨਾਲ ਮੁਲਾਕਾਤ ਕੀਤੀ ਤੇ ਉਸ ਦਾ ਹੌਸਲਾ ਵਧਾਇਆ।

ਉਸ ਦਾ ਹੱਥ ਜੋੜਨ ਵਾਲੀ ਟੀਮ ਦੀ ਅਗੁਵਾਈ ਕਰਨ ਵਾਲੇ ਪ੍ਰੋਫੈਸਰ ਸੁਨੀਲ ਗਾਬਾ ਨੇ ਵੀਰਵਾਰ ਸਵੇਰੇ 10:00 ਵਜੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ। ਉਸ ਨੇ ਕਿਹਾ ਕਿ ਹਰਜੀਤ ਹੁਣ ਬਿਲਕੁਲ ਠੀਕ ਹੈ। ਉਨ੍ਹਾਂ ਦੇ ਹੱਥ 'ਚ ਖੂਨ ਦਾ ਸੰਚਾਰ ਹੋ ਰਿਹਾ ਹੈ।

ਹੁਣ ਹਰਜੀਤ ਨੂੰ ਦੋ ਤਿੰਨ ਦਿਨਾਂ ਬਾਅਦ ਜਾਂਚ ਲਈ ਬੁਲਾਇਆ ਜਾਵੇਗਾ। ਹਾਲਾਂਕਿ ਇਹ ਸਿਲਸੀਲਾ ਅਜੇ ਦੋ ਤਿੰਨ ਮਹੀਨੇ ਚੱਲੇਗਾ। ਜ਼ਿਕਰਯੋਗ ਹੈ ਕਿ 12 ਅਪ੍ਰੈਲ ਨੂੰ ਕਰਫਿਊ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨਿਹੰਗ ਸਿੰਘਾਂ ਨੇ ਤਲਵਾਰ ਨਾਲ ਉਸ ਦਾ ਹੱਥ ਵੱਢ ਸੁੱਟਿਆ ਸੀ।