ਹੁਸ਼ਿਆਰਪੁਰ: ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਦਵਿੰਦਰ ਕੁਮਾਰ ਸਹਾਇਕ ਰਜਿਸਟਰਾਰ ਸਹਿਕਾਰੀਜ਼ਿਲ੍ਹਾ ਹੁਸ਼ਿਆਰਪੁਰ ਨੂੰ 20,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦਵਿੰਦਰ ਕੁਮਾਰ ਨੂੰ ਸ਼ਿਕਾਇਤਕਰਤਾ ਤਜਿੰਦਰ ਸਿੰਘ ਵਾਸੀ ਪਿੰਡ ਬੇਰਛਾ, ਜ਼ਿਲ੍ਹਾ ਹੁਸ਼ਿਆਰਪੁਰ ਦੀ ਸ਼ਿਕਾਇਤ 'ਤੇ ਕਾਬੂ ਕੀਤਾ ਗਿਆ ਹੈ। ਦਵਿੰਦਰ ਕੁਮਾਰ ਦੀ ਅਗਵਾਈ ਹੇਠ ਇਸ ਬਲਾਕ ਵਿੱਚ 70 ਸਹਿਕਾਰੀ ਸਭਾਵਾਂ ਸਨ।


ਵਧੇਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਜਦੋਂ ਉਹ ਬਤੌਰ ਮੈਨੇਜਰ ਸਹਿਕਾਰੀ ਸਭਾ, ਟਾਂਡਾ ਤਾਇਨਾਤ ਸੀ, ਉਸ ਸਮੇਂ ਦਵਿੰਦਰ ਕੁਮਾਰ, ਸਹਾਇਕ ਰਜਿਸਟਰਾਰ, ਸਹਿਕਾਰੀ ਸਭਾਵਾਂ ਬਲਾਕ ਦਸੂਹਾ, ਹੁਣ ਵਧੀਕ ਚਾਰਜ ਡਿਪਟੀ ਰਜਿਸਟਰਾਰ ਕੋ. -ਆਪਰੇਟਿਵ ਸੋਸਾਇਟੀ ਹੁਸ਼ਿਆਰਪੁਰ ਨੇ ਉਸ ਦੇ ਖ਼ਿਲਾਫ਼ ਗਬਨ ਦਾ ਕੇਸ ਕੀਤਾ ਸੀ। ਇਸ ਕੇਸ ਵਿਰੁੱਧ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਚੰਡੀਗੜ੍ਹ ਕੋਲ ਕੀਤੀ ਗਈ ਅਪੀਲ ਦੀ ਪੜਤਾਲ ਉਪਰੰਤ ਫੈਸਲਾ ਉਸ ਦੇ ਹੱਕ ਵਿਚ ਹੋਣ ਦੇ ਬਾਵਜੂਦ ਉਕਤ ਦੋਸ਼ੀ ਦਵਿੰਦਰ ਕੁਮਾਰ ਸਹਾਇਕ ਰਜਿਸਟਰਾਰ ਨੇ ਉਸ ਨੂੰ ਡਿਊਟੀ ਜੁਆਇਨ ਨਹੀਂ ਕਰਵਾਇਆ ਸਗੋਂ ਉਸ ਵਿਰੁੱਧ ਇਕ ਹੋਰ ਗਬਨ ਕੀਤਾ।


ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਦੱਸਿਆ ਕਿ ਉਕਤ ਕਥਿਤ ਦੋਸ਼ੀ ਦਵਿੰਦਰ ਕੁਮਾਰ ਪਹਿਲਾਂ ਵੀ ਉਸ ਪਾਸੋਂ 5,000 ਰੁਪਏ ਰਿਸ਼ਵਤ ਦੇ ਤੌਰ 'ਤੇ ਲੈ ਚੁੱਕਾ ਹੈ ਅਤੇ ਹੁਣ ਇਸ ਤਾਜ਼ਾ ਮਾਮਲੇ ਦੀ ਜਾਂਚ ਆਪਣੇ ਹੱਕ ਵਿੱਚ ਕਰਨ ਲਈ 50,000 ਰੁਪਏ ਦੀ ਮੰਗ ਕਰ ਰਿਹਾ ਹੈ।


ਵਿਜੀਲੈਂਸ ਨੇ ਸ਼ਿਕਾਇਤਕਰਤਾ ਵੱਲੋਂ ਲਗਾਏ ਗਏ ਦੋਸ਼ਾਂ ਦੀ ਪੜਤਾਲ ਕਰਨ ਉਪਰੰਤ ਉਕਤ ਦੋਸ਼ੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਸ਼ਿਕਾਇਤਕਰਤਾ ਪਾਸੋਂ 20,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਹੈ। ਇਸ ਸਬੰਧੀ ਮੁਕੱਦਮਾ ਨੰਬਰ 20 ਮਿਤੀ 10-10-2022 ਨੂੰ ਥਾਣਾ ਵਿਜੀਲੈਂਸ ਬਿਊਰੋ, ਜਲੰਧਰ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਅਧੀਨ ਦਰਜ ਕੀਤਾ ਗਿਆ ਸੀ ਅਤੇ ਇਸ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।