ਚੰਡੀਗੜ੍ਹ: ਸੂਬੇ ਦੇ 2211 ਐਸੋਸੀਏਟ ਸਕੂਲਾਂ ਦਾ ਭਵਿੱਖ ਸੰਕਟ ਵਿੱਚ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਨਵਰੀ ਨਿਕਲਣ ਦੇ ਬਾਵਜੂਦ ਕੰਟੀਨਿਊਸ਼ਨ ਪਰਫਾਰਮਾ ਤੇ ਫੀਸ ਸਬੰਧੀ ਕੋਈ ਸਰਕੂਲਰ ਜਾਰੀ ਨਹੀਂ ਕੀਤਾ। ਇਸ ਨਾਲ ਬੋਰਡ ਵੱਲੋਂ ਨਵੇਂ ਸੈਸ਼ਨ 2019-20 ਲਈ ਐਸੋਸੀਏਟ ਸਿਸਟਮ ਖ਼ਤਮ ਕਰਨ ਦਾ ਖ਼ਦਸ਼ਾ ਵਧ ਗਿਆ ਹੈ। ਬੋਰਡ ਦੇ ਅਧਿਕਾਰੀਆਂ ਤੋਂ ਲੈ ਕੇ ਸਿੱਖਿਆ ਸਕੱਤਰ ਤੇ ਸਿੱਖਿਆ ਮੰਤਰੀ ਤਕ ਪਹੁੰਚ ਕਰਨ ਦੇ ਬਾਵਜੂਦ ਕੋਈ ਸਕਾਰਾਤਮਕ ਪਹਿਲ ਨਾ ਹੋਣ ਕਰਕੇ ਐਸੋਸੀਏਟ ਸਕੂਲ ਪ੍ਰਬੰਧਕਾਂ ਦੀ ਪ੍ਰੇਸ਼ਾਨੀ ਵਧ ਗਈ ਹੈ।
ਦਰਅਸਲ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕੈਬਨਿਟ ਦੀ ਸਬ ਕਮੇਟੀ ਦੀਆਂ ਸਿਫਾਰਿਸ਼ਾਂ ਦੇ ਹਵਾਲੇ ਨਾਲ ਕੰਟੀਨਿਊਸ਼ਨ ਪ੍ਰੋਫਾਰਮਾ ਜਾਰੀ ਨਾ ਕਰਨ ਦਾ ਫੈਸਲਾ ਲਿਆ ਹੈ। ਇਸ ਨਾਲ ਐਸੋਸੀਏਟ ਸਕੂਲ ਨਵੇਂ ਵਿਦਿਅਕ ਸੈਸ਼ਨ 2019-20 ਤੋਂ 9ਵੀਂ ਤੋਂ 12ਵੀਂ ਜਮਾਤ ਲਈ ਵਿਦਿਆਰਥੀਆਂ ਨੂੰ ਦਾਖ਼ਲਾ ਨਹੀਂ ਦੇ ਸਕਣਗੇ।
ਨਿਯਮ ਮੁਤਾਬਕ ਨਵੇਂ ਸੈਸ਼ਨ ਲਈ ਬੋਰਡ ਨੂੰ ਨਵੰਬਰ ਦੇ ਦੂਸਰੇ ਹਫ਼ਤੇ ਤਕ ਕੰਟੀਨਿਊਸ਼ਨ ਪ੍ਰੋਫਾਰਮਾ ਜਾਰੀ ਕਰਕੇ ਫੀਸ ਭਰਵਾਈ ਜਾਂਦੀ ਹੈ। ਸਿੱਖਿਆ ਬੋਰਡ ਦੇ ਇਸ ਫੈਸਲੇ ਨਾਲ 2211 ਐਸੋਸੀਏਟ ਸਕੂਲਾਂ ਨੂੰ ਤਾਲਾ ਲੱਗ ਸਕਦਾ ਹੈ। ਇਸ ਦੇ ਨਾਲ ਹੀ ਇਨ੍ਹਾਂ ਸਕੂਲਾਂ ਵਿੱਚ ਪੜ੍ਹਨ ਵਾਲੇ ਕਰੀਬ ਲੱਖ ਵਿਦਿਆਰਥੀ ਤਾਂ ਪ੍ਰਭਾਵਿਤ ਹੋਣਗੇ ਹੀ, ਉਨ੍ਹਾਂ ਦੇ ਨਾਲ-ਨਾਲ ਟੀਚਿੰਗ ਤੇ ਨਾਨ-ਟੀਚਿੰਗ ਦੇ ਲਗਪਗ 45 ਹਜ਼ਾਰ ਮੁਲਾਜ਼ਮ ਵੀ ਬੇਰੁਜ਼ਗਾਰ ਹੋ ਸਕਦੇ ਹਨ।
ਹਾਲਾਂਕਿ ਇਸ ਸਬੰਧੀ ਸਿੱਖਿਆ ਮੰਤਰੀ ਓਪੀ ਸੋਨੀ ਨੇ ਕਿਹਾ ਕਿ ਸਕੂਲਾਂ ਨੂੰ ਬੰਦ ਕਰਨਾ ਠੀਕ ਨਹੀਂ ਹੋਏਗਾ। ਉਨ੍ਹਾਂ ਕਿਹਾ ਕਿ ਹੁਣ ਕੈਬਨਿਟ ਵਿੱਚ ਇਨ੍ਹਾਂ ਸਕੂਲਾਂ ਸਬੰਧੀ ਮੁੜ ਤੋਂ ਵਿਚਾਰ ਕੀਤੀ ਜਾਏਗੀ ਤੇ ਇਸ ਮਸਲੇ ਦਾ ਕੋਈ ਸਾਰਥਕ ਹੱਲ ਕੱਢਿਆ ਜਾਏਗਾ। ਉਨ੍ਹਾਂ ਦੱਸਿਆ ਕਿ ਐਸੋਸੀਏਟ ਸਕੂਲਾਂ ਨੂੰ ਬੋਰਡ ਦੀਆਂ ਸ਼ਰਤਾਂ ਪੂਰੀਆਂ ਕਰਨ ਲਈ ਕੈਬਨਿਟ ਵੱਲੋਂ ਇੱਕ ਸਾਲ ਦਾ ਸਮਾਂ ਦਿੱਤਾ ਗਿਆ ਸੀ ਜੋ ਹੁਣ ਪੂਰਾ ਹੋ ਚੁੱਕਾ ਹੈ।