ਬਠਿੰਡਾ: ਗੁਰਵਿੰਦਰ ਸਿੰਘ ਵਾਸੀ ਲੇਲੇਵਾਲਾ ਨੇ ਅੱਜ ਤਲਵੰਡੀ ਸਾਬੋ ਦੇ ਰੋੜੀ ਰੋਡ ਸਥਿਤ ਇਲਾਹਾਬਾਦ ਬੈਂਕ ਦੇ ਏਟੀਐਮ ਵਿੱਚੋਂ ਦੋ ਹਜ਼ਾਰ ਰੁਪਏ ਕਢਵਾਏ ਸਨ। ਜਦੋਂ ਉਸ ਨੇ ਕੁਝ ਦੂਰੀ ‘ਤੇ ਪੈਂਦੇ ਪੈਟਰੋਲ ਪੰਪ ਤੋਂ ਗੱਡੀ ਵਿੱਚ ਪੈਟਰੋਲ ਪਵਾ ਕੇ ਦੋ ਹਜ਼ਾਰ ਦਾ ਨੋਟ ਦਿੱਤਾ ਤਾਂ ਪੈਟਰੋਲ ਪੰਪ ਮੁਲਾਜ਼ਮਾਂ ਨੇ ਉਸ ਨੂੰ ਨਕਲੀ ਦੱਸਦੇ ਹੋਏ ਵਾਪਸ ਕਰ ਦਿੱਤਾ। ਉਸੇ ਸਮੇਂ ਗਾਹਕ ਬੈਂਕ ਵਿੱਚ ਆਇਆ ਤੇ ਇਹ ਸਾਰੀ ਕਹਾਣੀ ਬੈਂਕ ਅਧਿਕਾਰੀਆਂ ਨੂੰ ਦੱਸੀ।
ਗੁਰਵਿੰਦਰ ਸਿੰਘ ਮੁਤਾਬਕ ਬੈਂਕ ਅਧਿਕਾਰੀਆਂ ਨੇ ਉਸ ਨੂੰ ਕੋਈ ਤਸੱਲੀ ਬਖ਼ਸ ਜਵਾਬ ਨਹੀਂ ਦਿੱਤਾ। ਉਸ ਨੇ ਏਟੀਐਮ ਚ ਪੈਸੇ ਪਾਉਣ ਵਾਲੇ ਮੁਲਾਜ਼ਮਾਂ ਨਾਲ ਵੀ ਗੱਲਬਾਤ ਕੀਤੀ ਤਾਂ ਉਨ੍ਹਾਂ ਅਜਿਹਾ ਨਾ ਹੋਣ ਦਾ ਦਾਅਵਾ ਕੀਤਾ।
ਉਨ੍ਹਾਂ ਕਿਹਾ ਕਿ ਉਹ ਇਸ ਦੀ ਸ਼ਿਕਾਇਤ ਪੁਲੀਸ ਅਧਿਕਾਰੀਆਂ ਦੇ ਨਾਲ-ਨਾਲ ਬੈਂਕ ਦੇ ਉੱਚ ਅਧਿਕਾਰੀਆਂ ਨੂੰ ਵੀ ਕਰਨਗੇ। ਇਸ ਸਬੰਧੀ ਜਦੋਂ ਮੈਨੇਜਰ ਇਲਾਹਾਬਾਦ ਬੈਂਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਉਨ੍ਹਾਂ ਗਾਹਕ ਨੂੰ ਨੋਟ ਸਬੰਧੀ ਸ਼ਿਕਾਇਤ ਲਿਖ ਕੇ ਦੇਣ ਲਈ ਕਿਹਾ ਹੈ।