ਚੰਡੀਗੜ੍ਹ: ਪੰਜਾਬ ਵਿੱਚ ਅਮਨ-ਕਾਨੂੰਨ ਦੀ ਹਾਲਤ ਠੀਕ ਨਹੀਂ। ਆਮ ਲੋਕਾਂ ਨੂੰ ਤਾਂ ਛੱਡੋ ਹੁਣ ਸਿਆਸੀ ਲੀਡਰ ਵੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਮੰਨਦੇ। ਲੀਡਰਾਂ 'ਤੇ ਹਮਲਾ ਆਮ ਜਿਹੀ ਗੱਲ ਹੋ ਗਈ ਹੈ। ਲੰਘੇ ਦਿਨੀਂ ਜਗਰਾਉਂ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਤੇ ਵਿਰੋਧੀ ਧਿਰ ਦੀ ਉਪ ਆਗੂ ਸਰਬਜੀਤ ਕੌਰ ਮਾਣੂੰਕੇ ਦੀ ਗੱਡੀ ’ਤੇ ਕੁਝ ਅਣਪਛਾਤਿਆਂ ਨੇ ਹਮਲਾ ਕਰ ਦਿੱਤਾ। ਮਾਣੂੰਕੇ ਆਪਣੇ ਪਤੀ ਪ੍ਰੋ. ਸੁਖਵਿੰਦਰ ਸਿੰਘ ਨਾਲ ਘਰ ਪਰਤ ਰਹੇ ਸਨ। ਮੁਲਜ਼ਮ ਹਮਲੇ ਤੋਂ ਬਾਅਦ ਫ਼ਰਾਰ ਹੋ ਗਏ।


ਇਸ ਹਮਲੇ ਦੀ ਨਿਖੇਧੀ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦੋਸ਼ੀ ਤੁਰੰਤ ਗ੍ਰਿਫ਼ਤਾਰ ਕੀਤੇ ਜਾਣ ਤੇ ਇਸ ਮਾਮਲੇ ਦੀ ਜੁਡੀਸ਼ੀਅਲ ਜਾਂਚ ਹੋਵੇ। ਚੀਮਾ ਨੇ ਪੁਲਿਸ ਦੇ ਰਵੱਈਏ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਇੰਨਾ ਸਮਾਂ ਬੀਤਣ ਦੇ ਬਾਵਜੂਦ ਪੁਲਿਸ ਅਜੇ ਤੱਕ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਬੀਬੀ ਮਾਣੂੰਕੇ ਨੇ ਸਬੰਧਤ ਜ਼ਿਲ੍ਹਾ ਪੁਲਿਸ ਨੂੰ ਦੋਸ਼ੀਆਂ ਦੀ ਕਾਰ ਦੀਆਂ ਫੋਟੋਆਂ ਤੱਕ ਮੁਹੱਈਆ ਕਰਵਾ ਦਿੱਤੀਆਂ ਸਨ। ਚੀਮਾ ਨੇ ਚਿਤਾਵਨੀ ਦਿੱਤੀ ਕਿ ਜੇ 24 ਘੰਟਿਆਂ ਦੇ ਅੰਦਰ-ਅੰਦਰ ਦੋਸ਼ੀ ਗ੍ਰਿਫ਼ਤਾਰ ਨਾ ਕੀਤੇ ਗਏ ਤਾਂ ਪਾਰਟੀ ਸਖ਼ਤ ਰੁਖ਼ ਅਪਣਾਉਣ ਲਈ ਮਜਬੂਰ ਹੋਵੇਗੀ।

ਦਰਅਸਲ ਵਿਧਾਇਕਾ ਮਾਣੂੰਕੇ ਲੁਧਿਆਣਾ ਵਿੱਚ ਕਿਸੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਤੋਂ ਬਾਅਦ ਜਗਰਾਉਂ ਸਥਿਤ ਆਪਣੀ ਰਿਹਾਇਸ਼ੀ ’ਤੇ ਪਰਤ ਰਹੇ ਸਨ। ਇਸ ਦੌਰਾਨ ਪਿੰਡ ਸ਼ੇਖੂਪੁਰਾ ਨੇੜੇ ਅਣਪਛਾਤੇ ਗੱਡੀ ਚਾਲਕਾਂ ਨੇ ਉਨ੍ਹਾਂ ਦੀ ਗੱਡੀ ਨੂੰ ਸਾਈਡ ਨਹੀਂ ਦਿੱਤੀ। ਇਸ ਦੌਰਾਨ ਉਨ੍ਹਾਂ ਦੀ ਮੁਲਜ਼ਮਾਂ ਨਾਲ ਬਹਿਸ ਹੋ ਗਈ ਤੇ ਉਨ੍ਹਾਂ ਨੇ ਮਾਣੂੰਕੇ ਦੀ ਗੱਡੀ ’ਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਹਮਲਾਵਰ ਫ਼ਰਾਰ ਹੋ ਗਏ।