Punjab Police: ਪਟਿਆਲਾ ਜ਼ਿਲੇ ਦੇ ਪਿੰਡ ਅਤਲਾ 'ਚ ਪਤੀ ਦੀ ਕੁੱਟਮਾਰ ਤੋਂ ਬਾਅਦ ਪੁਲਿਸ ਕੋਲ ਪਹੁੰਚੀ ਔਰਤ ਦੀ ਸ਼ਿਕਾਇਤ 'ਤੇ ਦੋਸ਼ੀ ਨੂੰ ਬੁਲਾਉਣ ਆਏ ਏ.ਐੱਸ.ਆਈ. 'ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਹਮਲੇ ਦੌਰਾਨ ਏਐਸਆਈ ਦੀ ਵਰਦੀ ਫਟ ਗਈ ਸੀ ਤੇ ਉਸ ਦੇ ਸਰੀਰ 'ਤੇ ਕਈ ਥਾਵਾਂ 'ਤੇ ਸੱਟਾਂ ਦੇ ਨਿਸ਼ਾਨ ਸਨ। ਜਿਸਦੇ ਬਾਅਦ ਏ.ਐਸ.ਆਈ ਬਲਵਿੰਦਰ ਸਿੰਘ ਨੂੰ ਜ਼ਖਮੀ ਹਾਲਤ ਵਿੱਚ ਪਾਤੜਾਂ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।


ਘੱਗਾ ਥਾਣੇ ਵਿੱਚ ਤਾਇਨਾਤ ਇਸ ਏਐਸਆਈ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਸਮਾਣਾ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਉਸਦਾ ਇੱਥੇ ਇਲਾਜ ਚੱਲ ਰਿਹਾ ਹੈ। ਦੂਜੇ ਪਾਸੇ ਹਮਲਾ ਕਰਨ ਵਾਲੇ ਮੁਲਜ਼ਮ ਨੂੰ ਵੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਘੱਗਾ ਪੁਲਿਸ ਨੇ ਇਸ ਮਾਮਲੇ ਵਿੱਚ ਮਹਿਲਾ ਦੇ ਪਤੀ ਸਮੇਤ ਸੱਤ ਲੋਕਾਂ ਖ਼ਿਲਾਫ਼ ਐਫਆਈਆਰ ਦਰਜ ਕਰਕੇ ਦੋ ਮੁਲਜ਼ਮ ਔਰਤਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


ਐਫਆਈਆਰ ਅਨੁਸਾਰ 19 ਜੂਨ ਨੂੰ ਅਮਨਦੀਪ ਕੌਰ ਨੇ ਪੁਲਿਸ ਕੰਟਰੋਲ ਰੂਮ ਵਿੱਚ ਆਪਣੇ ਪਤੀ ਨਾਨਕ ਸਿੰਘ ਖ਼ਿਲਾਫ਼ ਕੁੱਟਮਾਰ ਦੀ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਉਹ ਥਾਣੇ ਪਹੁੰਚੀ। ਨਾਨਕ ਸਿੰਘ ਨੇ ਹਾਲ ਹੀ ਵਿੱਚ ਅਮਨਦੀਪ ਕੌਰ ਨਾਲ ਦੂਜਾ ਵਿਆਹ ਕੀਤਾ ਸੀ। ਅਮਨਦੀਪ ਕੌਰ ਨੇ ਦੋਸ਼ ਲਾਇਆ ਕਿ ਵਿਆਹ ਤੋਂ ਬਾਅਦ ਨਾਨਕ ਸਿੰਘ ਸ਼ਰਾਬ ਪੀ ਕੇ ਉਸ ਦੀ ਕੁੱਟਮਾਰ ਕਰਦਾ ਸੀ। ਇਸ ਕਾਰਨ ਪੁਲਸ ਨੂੰ ਸ਼ਿਕਾਇਤ ਕੀਤੀ ਗਈ।


ਘੱਗਾ ਥਾਣੇ ਵਿੱਚ ਤਾਇਨਾਤ ਬਲਵਿੰਦਰ ਸਿੰਘ ਜਦੋਂ ਮੁਲਜ਼ਮ ਨਾਨਕ ਸਿੰਘ ਦੇ ਘਰ ਉਸ ਨੂੰ ਬੁਲਾਉਣ ਲਈ ਪਹੁੰਚਿਆ ਤਾਂ ਉੱਥੇ ਨਾਨਕ ਸਿੰਘ ਅਤੇ ਉਸ ਦੇ ਪਰਿਵਾਰ ਦੇ ਹੋਰ ਮੈਂਬਰਾਂ ਵੱਲੋਂ ਉਸ ’ਤੇ ਹਮਲਾ ਕਰ ਦਿੱਤਾ ਗਿਆ। ਬਲਵਿੰਦਰ ਸਿੰਘ ਦੀ ਪੱਗ ਉਤਰ ਗਈ ਅਤੇ ਉਸ ਦੀ ਵਰਦੀ ਵੀ ਫਟ ਗਈ। ਮੁਲਜ਼ਮਾਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਕਿਸੇ ਤਰ੍ਹਾਂ ਆਪਣਾ ਬਚਾਅ ਕਰਦੇ ਹੋਏ ਹਸਪਤਾਲ ਪਹੁੰਚ ਗਏ।


ਘੱਗਾ ਥਾਣੇ ਦੇ ਐਸਐਚਓ ਦਰਸ਼ਨ ਸਿੰਘ ਨੇ ਦੱਸਿਆ ਕਿ ਏਐਸਆਈ ਬਲਵਿੰਦਰ ਸਿੰਘ ’ਤੇ ਹਮਲਾ ਕਰਨ ਦੇ ਦੋਸ਼ ਹੇਠ ਨਾਨਕ ਸਿੰਘ, ਨਾਨਕ ਸਿੰਘ ਦੇ ਪਿਤਾ ਅਵਤਾਰ ਸਿੰਘ, ਗੁਰਮਨ ਸਿੰਘ ਪਿੰਡ ਅਤਲਾ ਅਤੇ ਮਨਪ੍ਰੀਤ ਕੌਰ, ਪਿੰਦਰਦੀਪ ਕੌਰ, ਅਮਨਦੀਪ ਕੌਰ, ਨਵਜੋਤ ਕੌਰ ਟਿੱਬਾ ਬਸਤੀ ਪੱਤਣ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਕੇਸ ਦਰਜ ਕਰਕੇ ਪਿੰਦਰਦੀਪ ਅਤੇ ਅਮਨਦੀਪ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ।