ਚੰਡੀਗੜ੍ਹ: ਕੱਲ੍ਹ ਰਾਤ ਤਕਰੀਬਨ 10 ਵਜੇ ਫਿਲੌਰ ਪੁਲਿਸ ਟ੍ਰੇਨਿੰਗ ਸੈਂਟਰ ਵਿੱਚ ਕਮਾਂਡਰ ਨਰੇਸ਼ ਡੋਗਰਾ ਅਤੇ ਟਾਂਡਾ ਦੇ ਨਾਇਬ ਤਹਿਸੀਲਦਾਰ ’ਤੇ 10-12 ਜਣਿਆਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਉਹ ਆਪਣੇ ਕੁਝ ਰਿਸ਼ਤੇਦਾਰਾਂ ਨਾਲ ਕਿਸੇ ਪਾਰਟੀ ਤੋਂ ਬਾਅਦ ਨਿੱਜੀ ਹੋਟਲ ਵਿੱਚੋਂ ਬਾਹਰ ਨਿਕਲ ਰਹੇ ਸਨ। ਜਿਵੇਂ ਹੀ ਉਹ ਹੋਟਲ ਵਿੱਚੋਂ ਬਾਹਰ ਨਿੱਕਲੇ, ਉਸੇ ਵੇਲੇ ਬਦਮਾਸ਼ਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਜ਼ਖ਼ਮੀ ਹਾਲਤ ਵਿੱਚ ਉਨ੍ਹਾਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ’ਤੇ ਚਾਰ ਰੌਂਦ ਗੋਲ਼ੀਆਂ ਵੀ ਚਲਾਈਆਂ ਗਈਆਂ।

ਦਰਅਸਲ, ਹੁਸ਼ਿਆਰਪੁਰ ਦੇ ਚਿੰਤਪੁਰਨੀ ਰੋਡ ’ਤੇ ਨਿੱਜੀ ਹੋਟਲ ਦੇ ਹਿੱਸੇਦਾਰਾਂ ਵਿਚਾਲੇ ਝਗੜਾ ਚੱਲ ਰਿਹਾ ਸੀ। ਬੀਤੀ ਰਾਤ ਇੱਕ ਹਿੱਸੇਦਾਰ ਆਪਣੇ ਦੋਸਤ ਕਮਾਂਡਰ ਨਰੇਸ਼ ਡੋਗਰਾ ਅਤੇ ਨਾਇਬ ਤਹਿਸੀਲਦਾਰ ਮਨਜੀਤ ਸਿੰਘ ਆਪਣੇ ਪੁੱਤਰ ਦੇ ਵਿਦੇਸ਼ ਜਾਣ ਦੀ ਖ਼ੁਸ਼ੀ ਵਿੱਚ ਪਾਰਟੀ ਦੇਣ ਆਏ ਸੀ। ਪਾਰਟੀ ਖ਼ਤਮ ਹੋਣ ਬਾਅਦ ਜਦੋਂ ਉਹ ਹੋਟਲ ਤੋਂ ਬਾਹਰ ਨਿੱਕਲੇ ਤਾਂ ਉੱਥੇ ਪਹਿਲਾਂ ਤੋਂ ਮੌਜੂਦ ਕੁਝ ਲੋਕਾਂ ਨੇ ਪਹਿਲਾਂ ਉਨ੍ਹਾਂ ਨਾਲ ਝਗੜਾ ਕੀਤਾ ਤੇ ਬਾਅਦ ਵਿੱਚ ਉਨ੍ਹਾਂ ’ਤੇ ਹਮਲਾ ਕਰ ਦਿੱਤਾ।

ਇਸ ਘਟਨਾ ਵਿੱਚ ਕਮਾਂਡਰ ਨਰੇਸ਼ ਡੋਗਰਾ, ਉਨ੍ਹਾਂ ਦੇ ਗਨਮੈਨ, ਤਹਿਸੀਲਦਾਰ ਮਨਜੀਤ ਸਿੰਘ ਤੇ ਹੋਟਲ ਦੇ ਹਿੱਸੇਦਾਰ ਵਿਵੇਕ ਕੌਸ਼ਲ ਜ਼ਖ਼ਮੀ ਹੋ ਗਏ। ਬਦਮਾਸ਼ਾਂ ਨੇ ਉਨ੍ਹਾਂ ਦੀਆਂ ਗੱਡੀਆਂ ’ਤੇ ਪੱਥਰਬਾਜ਼ੀ ਵੀ ਕੀਤੀ। ਹਵਾਈ ਫਾਇਰ ਵੀ ਕੀਤੇ। ਇਸ ਪਿੱਛੋਂ ਸਾਰੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਸਦਰ ਥਾਣੇ ਦੇ ਐਸਐਚਓ ਕੇਵਲ ਸਿੰਘ ਮੁਤਾਬਕ ਝਗੜੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ।