ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਤੇ ਵਕੀਲ ਐਚਐਸ ਫੂਲਕਾ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਸੀ। ਅੱਜ ਸ਼ਾਮੀਂ 4 ਵਜੇ ਪ੍ਰੈੱਸ ਕਾਨਫਰੰਸ ਕਰਕੇ ਉਹ ਪਾਰਟੀ ਛੱਡਣ ਦਾ ਕਾਰਨ ਤੇ ਅਗਲੀ ਕਾਰਵਾਈ ਬਾਰੇ ਦੱਸਣਗੇ। ਉਨ੍ਹਾਂ ਦੇ ਪਾਰਟੀ ਛੱਡਣ ਬਾਅਦ ‘ਆਪ’ ਦੇ ਬਾਗੀ ਲੀਡਰ ਤੇ ਕਵੀ ਕੁਮਾਰ ਵਿਸ਼ਵਾਸ ਨੇ ਉਨ੍ਹਾਂ ਦੇ ਅਸਤੀਫ਼ੇ ’ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਟਵੀਟ ਕਰਕੇ ਫੂਲਕਾ ਬਾਰੇ ਆਪਣੇ ਵਿਚਾਰ ਰੱਖੇ।



ਉੱਧਰ ਫੂਲਕਾ ਦੇ ਅਸਤੀਫ਼ੇ ’ਤੇ 'ਆਪ' ਵਿਧਾਇਕ ਅਲਕਾ ਲਾਂਬਾ ਨੇ ਵੀ ਬਾਗੀ ਰੁਖ਼ ਅਖ਼ਤਿਆਰ ਕਰ ਲਿਆ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਫੂਲਕਾ ਦੇ ਅਸਤੀਫ਼ੇ ’ਤੇ ਪਾਰਟੀ ਨੂੰ ਮੁਲਾਂਕਣ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇ 2012 ਵੇਲੇ ਪਾਰਟੀ ਨਾਲ ਜੁੜਨ ਵਾਲੇ ਲੋਕ ਅਸਤੀਫ਼ਾ ਦਿੰਦੇ ਹਨ ਤਾਂ ਪਾਰਟੀ ਨੂੰ ਨੁਕਸਾਨ ਹੁੰਦਾ ਹੈ।



ਐਚਐਸ ਫੂਲਕਾ ਕਾਫੀ ਸਮੇਂ ਤੋਂ ਪਾਰਟੀ ਦੀਆਂ ਬੈਠਕਾਂ ਵਿੱਚੋਂ ਗਾਇਬ ਰਹੇ ਹਨ। 2017 ਵਿੱਚ ਉਹ ਪੰਜਾਬ ਵਿੱਚ ਵਿਰੋਧੀ ਧਿਰ ਦੇ ਲੀਡਰ ਬਣੇ ਸਨ ਪਰ ਕੁਝ ਦਿਨਾਂ ਬਾਅਦ ਹੀ ਉਨ੍ਹਾਂ ਇਸ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਉਹ 1984 ਦੇ ਸਿੱਖ ਕਤਲੇਆਮ ਦੇ ਕੇਸ ਵੱਲ ਧਿਆਨ ਦੇਣਾ ਚਾਹੁੰਦੇ ਹਨ, ਇਸ ਲਈ ਅਹੁਦਾ ਛੱਡ ਰਹੇ ਹਨ। ਹੁਣ ਉਨ੍ਹਾਂ ਪਾਰਟੀ ਦੀ ਵਿਧਾਇਕੀ ਤੋਂ ਵੀ ਅਸਤੀਫ਼ਾ ਦੇ ਦਿੱਤਾ ਹੈ।