ਪੇਸ਼ਾਵਰ: ਪੱਛਮ-ਉੱਤਰ ਪਾਕਿਸਤਾਨ ਵਿੱਚ ਖੈਬਰ ਪਖਤੂਨਵਾ ਸਰਕਾਰ ਨੇ ਪੇਸ਼ਾਵਰ ਵਿੱਚ ਸਥਿਤ ਪ੍ਰਾਚੀਨ ਹਿੰਦੂ ਧਾਰਮਕ ਸਥਾਨ ‘ਪੰਜ ਤੀਰਥ’ ਨੂੰ ਕੌਮੀ ਵਿਰਾਸਤ ਐਲਾਨ ਦਿੱਤਾ ਹੈ। ਇੱਥੇ ਸਥਿਤ ਪੰਜ ਸਰੋਵਰ ਕਰਕੇ ਇਸ ਦਾ ਨਾਂ ਪੰਜ ਤੀਰਥ ਪਿਆ ਸੀ। ਇਸ ਦੇ ਇਲਾਵਾ ਇੱਥੇ ਮੰਦਰ ਤੇ ਖਜੂਰ ਦੇ ਰੁੱਖਾਂ ਵਾਲਾ ਬਾਗ ਵੀ ਹੈ। ਹੁਣ ਇਸ ਸਥਾਨ ਦੇ ਪੰਜੇ ਸਰੋਵਰ ਚਾਚਾ ਯੁਨੂਸ ਪਾਰਕ ਤੇ ਖੈਬਰ ਪਖ਼ਤੂਨਵਾ ਚੈਂਬਰ ਆਫ਼ ਕਾਮਰਸ ਐਂਡ ਇੰਡਰਸਟ੍ਰੀ ਦੇ ਦਾਇਰੇ ਵਿੱਚ ਆਉਂਦਾ ਹੈ।

ਖੈਬਰ ਪਖਤੂਨਖਵਾ ਪੁਰਾਤੱਤਵ ਅਤੇ ਮਿਊਜ਼ੀਅਮ ਡਾਇਰੈਕਟੋਰੇਟ ਦੁਆਰਾ ਨੋਟੀਫਿਕੇਸ਼ਨ ਜਾਰੀ ਕਰਕੇ ਕੇਪੀ ਐਂਟੀਕੁਇਟੀਜ਼ ਐਕਟ 2016 ਦੇ ਤਹਿਤ ਪੰਜ ਤੀਰਥ ਪਾਰਕ ਨੂੰ ਵਿਰਾਸਤੀ ਸਥਾਨ ਐਲਾਨਿਆ ਗਿਆ ਹੈ। ਸਰਕਾਰ ਨੇ ਇਸ ਇਤਿਹਾਸਕ ਸਥਾਨ ਨੂੰ ਨੁਕਸਾਨ ਪਹੁੰਚਾਉਣ ਵਾਲੇ ਦੋਸ਼ੀ ਨੂੰ 20 ਲੱਖ ਰੁਪਏ ਦਾ ਜੁਰਮਾਨਾ ਅਤੇ ਪੰਜ ਸਾਲ ਦੀ ਸਜ਼ਾ ਦਾ ਵੀ ਐਲਾਨ ਕੀਤਾ ਹੈ।

ਕਿਹਾ ਜਾਂਦਾ ਹੈ ਕਿ ਇਹ ਸਥਾਨ ਮਹਾਂਭਾਰਤਕਾਲੀਨ ਰਾਜਾ ਪਾਂਡੂ ਨਾਲ ਸਬੰਧਤ ਹੈ। ਉਹ ਇਸ ਖੇਤਰ ਨਾਲ ਸਬੰਧ ਰੱਖਦੇ ਸੀ। ਇਨ੍ਹਾਂ ਸਰੋਵਰਾਂ ਵਿੱਚ ਇਸ਼ਨਾਨ ਲਈ ਹਿੰਦੂ ਕੱਤਕ ਮਹੀਨੇ ਵਿੱਚ ਇੱਥੇ ਆਉਂਦੇ ਹਨ ਤੇ ਖਜੂਰ ਦੇ ਰੁੱਖਾਂ ਹੇਠਾਂ ਦੋ ਦਿਨਾਂ ਤਕ ਪੂਜਾ ਕਰਦੇ ਹਨ। 1747 ਵਿੱਚ ਅਫ਼ਗ਼ਾਨ ਦੂਰਾਨੀ ਰਾਜਵੰਸ਼ ਦੇ ਸ਼ਾਸਨਕਾਲ ਦੌਰਾਨ ਇਹ ਸਥਾਨ ਤਬਾਹ ਹੋ ਗਿਆ ਸੀ। ਹਾਲਾਂਕਿ 1834 ਵਿੱਚ ਸਿੱਖ ਸ਼ਾਸਨ ਦੌਰਾਨ ਸਥਾਨਕ ਹਿੰਦੂਆਂ ਨੇ ਇਸ ਦਾ ਪੁਨਰ ਨਿਰਮਾਣ ਕਰਵਾਇਆ ਤੇ ਦੁਬਾਰਾ ਇੱਥੇ ਪੂਜਾ ਕਰਨੀ ਸ਼ੁਰੂ ਕੀਤੀ।