ਪਟਿਆਲਾ : ਸਨੌਰ ਰੋਡ ’ਤੇ ਵੱਡੇ ਅਰਾਈ ਮਾਜਰਾ ਵਿੱਟ ਕਰੀਬ 600 ਗਜ਼ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਉਸਾਰੀ ਨੂੰ ਰੋਕਣ ਆਈ ਨਿਗਮ ਟੀਮ ’ਤੇ ਲੋਕਾਂ ਨੇ ਪਥਰਾਅ ਕੀਤਾ। ਪੱਥਰਬਾਜ਼ਾਂ ਨੇ ਨਗਰ ਨਿਗਮ ਦੀ ਜੇਸੀਬੀ ਮਸ਼ੀਨ ਸਮੇਤ ਪੰਜ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ। ਨਿਗਮ ਟੀਮ 'ਤੇ ਦਬਾਅ ਬਣਾਉਣ ਲਈ ਦੋ ਵਿਅਕਤੀਆਂ ਨੇ ਆਪਣੇ ਆਪ 'ਤੇ ਡੀਜ਼ਲ ਪਾ ਕੇ ਆਤਮਦਾਹ ਕਰਨ ਦੀ ਧਮਕੀ ਦਿੱਤੀ।



ਸਥਿਤੀ ਬੇਕਾਬੂ ਹੁੰਦੀ ਦੇਖ ਨਿਗਮ ਦੀ ਟੀਮ ਬਰੰਗ ਵਾਪਸ ਪਰਤ ਗਈ। ਇਸ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ ਨੇ ਤੁਰੰਤ ਇਸ ਮਾਮਲੇ ਸਬੰਧੀ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕਰਕੇ ਇਸ ਮਾਮਲੇ ਦੀ ਸ਼ਿਕਾਇਤ ਐਸਐਸਪੀ ਨੂੰ ਭੇਜ ਦੋਸ਼ਿਆਂ ਖਿਲਾਫ ਸਖਤ ਕਾਰਵਾਈ ਕਰਨ ਲਈ ਕਿਹਾ ਹੈ। ਇਸ ਸਬੰਧੀ ਲੈਂਡ ਬ੍ਰਾਂਚ ਦੇ ਇੰਚਾਰਜ ਵਿਸ਼ਾਲ ਸਿਆਲ ਨੇ ਦੱਸਿਆ ਕਿ ਕਰੀਬ ਦੋ ਮਹੀਨੇ ਪਹਿਲਾਂ ਨੂੰ ਨਿਗਮ ਦੀ ਲੈਂਡ ਬ੍ਰਾਂਚ ਨੇ ਵੱਡੇ ਅਰਾਈ ਮਾਜਰਾ ਵਿਖੇ ਨਾਜਾਇਜ਼ ਕਬਜ਼ਿਆਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਸੀ।

ਨਿਗਮ ਕਮਿਸ਼ਨਰ ਦੇ ਹੁਕਮਾਂ ’ਤੇ ਨਿਗਮ ਦੀ ਜ਼ਮੀਨ ’ਤੇ ਨਿਗਮ ਦੀ ਮਾਲਕੀ ਸੰਬੰਧੀ ਬੋਰਡ ਵੀ ਲਾਇਆ ਗਿਆ ਸੀ। ਮੁਲਜ਼ਮਾਂ ਨੇ ਨਿਗਮ ਦੀ ਜ਼ਮੀਨ ਵਿੱਚ ਲੱਗੇ ਸੂਚਨਾ ਬੋਰਡ ਨੂੰ ਚੋਰੀ ਕਰਕੇ ਕਰੀਬ 600 ਗਜ਼ ਜ਼ਮੀਨ ’ਤੇ ਨਾਜਾਇਜ਼ ਉਸਾਰੀ ਸ਼ੁਰੂ ਕਰ ਦਿੱਤੀ। ਸੂਚਨਾ ਮਿਲਦੇ ਹੀ ਨਗਰ ਨਿਗਮ ਦੇ ਲੈਂਡ ਬ੍ਰਾਂਚ ਇੰਚਾਰਜ ਸੁਪਰਡੈਂਟ ਵਿਸ਼ਾਲ ਸਿਆਲ ਸਮੇਤ ਇੰਸਪੈਕਟਰ ਮੁਨੀਸ਼ ਪੁਰੀ, ਜਤਿੰਦਰ ਕੁਮਾਰ ਪ੍ਰਿੰਸ, ਗੁਰਮੇਲ ਸਿੰਘ ਅਤੇ ਨਿਗਮ ਦੇ ਸੱਤ ਪੁਲਸ ਮੁਲਾਜ਼ਮ ਉਨ੍ਹਾਂ ਨਾਲ ਮੌਕੇ 'ਤੇ ਪਹੁੰਚੇ।

ਜਿਵੇਂ ਹੀ ਨਿਗਮ ਦੀ ਟੀਮ ਨੇ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਬਜਾ ਕਰਨ ਵਾਲੀਆਂ ਨੇ ਨਿਗਮ ਟੀਮ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਵਿਰੋਧ ਦੇ ਬਾਵਜੂਦ ਜਦੋਂ ਨਿਗਮ ਟੀਮ ਨਜ਼ਾਇਜ ਉਸਾਰੀ ਨੂੰ ਹਟਾਉਣ ਲਈ ਅੱਗੇ ਵੱਧੀ ਤਾਂ ਕਬਜ਼ਾਧਾਰੀਆਂ ਨੇ ਨਿਗਮ ਟੀਮ ’ਤੇ ਪਥਰਾਅ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਨਿਗਮ ਟੀਮ 'ਤੇ ਦਬਾਅ ਬਣਾਉਣ ਲਈ ਦੋਸ਼ੀ ਪੱਖ ਦੇ ਦੋ ਵਿਅਕਤੀਆਂ ਨੇ ਪਹਿਲਾਂ ਤੋਂ ਰੱਖਿਆ ਡੀਜ਼ਲ ਆਪਣੇ ਤੇ ਪਾ ਕੇ ਆਤਮਦਾਹ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।

ਹਾਲਾਤ  ਨੂੰ ਵਿਗੜਦਿਆਂ ਦੇਖ ਨਿਗਮ ਦੀ ਟੀਮ ਪੁਲੀਸ ਪਾਰਟੀ ਨਾਲ ਵਾਪਸ ਪਰਤ ਗਈ। ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਅਤੇ ਡਿਊਟੀ ਦੌਰਾਨ ਸਰਕਾਰੀ ਮੁਲਾਜ਼ਮਾਂ ’ਦੇ ਕੰਮ ਵਿੱਚ ਰੁਕਾਵਟ ਪੈਦਾ ਕੀਤੇ ਜਾਣ ਦਾ ਗੰਭੀਰ ਨੋਟਿਸ ਲੈਂਦਿਆਂ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ ਨੇ ਤੁਰੰਤ ਇਸ ਪੂਰੇ ਮਾਮਲੇ ਦੀ ਸ਼ਿਕਾਇਤ ਐਸ.ਐਸ.ਪੀ ਪਟਿਆਲਾ ਨੂੰ ਦੇ ਦਿੱਤੀ। ਨਗਰ ਨਿਗਮ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਸਬਕ ਸਿਖਾਉਣ ਲਈ ਸੰਭਵ ਹੈ ਕਿ ਵੀਰਵਾਰ ਨੂੰ ਨਿਗਮ ਦੀ ਟੀਮ ਵਾਧੂ ਪੁਲਸ ਫੋਰਸ ਨਾਲ ਮੌਕੇ ਤੋਂ ਪੂਰੀ ਤਰ੍ਹਾਂ ਨਾਲ ਕਬਜ਼ੇ ਹਟਾ ਕੇ ਦੁਬਾਰਾ ਸੂਚਨਾ ਬੋਰਡ ਲਗਾਵੇ।

ਇਸ ਦੇ ਨਾਲ ਹੀ ਨਿਗਮ ਕਰਮਚਾਰੀਆਂ ਦੇ ਕੰਮ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰਨ ਜਾਂ ਆਤਮਦਾਹ ਦੀ ਧਮਕੀ ਦੇਣ ਵਾਲਿਆਂ ਖ਼ਿਲਾਫ਼ ਵੀ ਪੁਲੀਸ ਸਖ਼ਤ ਕਾਨੂੰਨੀ ਕਾਰਵਾਈ ਕਰੇਗੀ। ਫਿਲਹਾਲ ਕਬਜ਼ਾਧਾਰਕਾਂ ਵੱਲੋਂ ਉਸਾਰੀ ਦਾ ਕੰਮ ਬੰਦ ਕਰ ਦਿੱਤਾ ਗਿਆ ਹੈ। ਸਰਕਾਰੀ ਰਿਕਾਰਡ ਦਾ ਹਵਾਲਾ ਦਿੰਦੇ ਹੋਏ ਨਿਗਮ ਦੇ ਸਾਬਕਾ ਪਟਵਾਰੀ ਹਰਬੰਸ ਸਿੰਘ ਦਾ ਕਹਿਣਾ ਹੈ ਕਿ ਸਨੌਰ ਰੋਡ ਤੋਂ ਲੈ ਕੇ ਅਰਾਈ ਮਾਜਰਾ ਦੀ ਮੁੱਖ ਸੜਕ ਦੇ ਸਿਰੇ ਤੱਕ ਸੱਜੇ ਪਾਸੇ ਬੰਧਾ ਰੋਡ ਦੇ ਨਾਲ ਵਾਲੀ ਸਾਰੀ ਜ਼ਮੀਨ ਨਗਰ ਨਿਗਮ ਦੀ ਹੈ।

ਇਸ ਜ਼ਮੀਨ ਵਿੱਚ ਸਿਰਫ਼ ਇੱਕ ਹੀ ਐਲੀਮੈਂਟਰੀ ਸਕੂਲ ਹੈ ਪਰ ਹੋਰ ਜ਼ਮੀਨ ’ਤੇ ਪਿੰਡ ਦੇ ਹੀ ਕੁਝ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਹੈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਨਗਰ ਨਿਗਮ ਟੀਮ 'ਤੇ ਹਮਲੇ ਤੋਂ ਬਾਅਦ ਹੁਣ ਨਿਗਮ ਆਪਣੀ ਸਾਰੀ ਜਮੀਨ ਤੋਂ ਕਬਜੇ ਹਟਾਉਣ ਦੀ ਕਾਰਵਾਈ ਕਰਨੀ ਚਾਹਿਦੀ ਹੈ ਤਾਂ ਜੋ ਦੋਸ਼ਿਆਂ ਨੂੰ ਸਹੀ ਸਬਕ ਸਿਖਾਇਆ ਜਾ ਸਕੇ।