ਬੈਂਸ ਵੱਲੋਂ ਖਹਿਰਾ ਦੇ ਮਾਮਲੇ ਸਬੰਧੀ ਜਾਰੀ ਆਡੀਓ, ਸਿਰਫ਼ ABP ਸਾਂਝਾ 'ਤੇ ਸੁਣੋ
ਏਬੀਪੀ ਸਾਂਝਾ | 27 Nov 2017 03:32 PM (IST)
ਪੁਰਾਣੀ ਤਸਵੀਰ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਅੱਜ ਆਮ ਆਦਮੀ ਪਾਰਟੀ ਦੀ ਭਾਈਵਾਲ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪ੍ਰੈੱਸ ਕਾਨਫਰੰਸ ਕਰਕੇ ਵੱਡੇ ਸਵਾਲ ਉਠਾਏ। ਉਨ੍ਹਾਂ ਨੇ ਕਥਿਤ ਡਰੱਗ ਕੇਸ ਵਿੱਚ ਸ਼ਮੂਲੀਅਤ ਦੇ ਇਲਜ਼ਾਮਾਂ ਵਿੱਚ ਘਿਰੇ ਆਮ ਆਦਮੀ ਪਾਰਟੀ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਦਾ ਬਚਾਅ ਕਰਦਿਆਂ ਕਿਹਾ ਕਿ ਅੱਜ ਤੱਕ ਕਿਸੇ ਕੇਸ ਵਿੱਚ ਧਾਰਾ 319 ਤਹਿਤ ਸੰਮਨ ਜਾਰੀ ਨਹੀਂ ਹੋਇਆ। ਇਹ ਪਹਿਲੀ ਵਾਰ ਸਿਰਫ਼ ਖਹਿਰਾ ਨੂੰ ਹੋਇਆ ਹੈ। ਸਿਮਰਜੀਤ ਬੈਂਸ ਨੇ ਆਡੀਓ ਸਬੂਤ ਪੇਸ਼ ਕਰਦਿਆਂ ਕਿਹਾ ਕਿ ਬਾਦਲ ਸਰਕਾਰ ਵੇਲੇ ਇੱਕ ਡਿਪਟੀ ਐਡਵੋਕੇਟ ਜਨਰਲ ਤੇ ਪੰਜਾਬ ਦੇ ਬਰਖ਼ਾਸਤ ਪੀਸੀਐਸ ਅਧਿਕਾਰੀ (ਭ੍ਰਿਸ਼ਟਾਚਾਰ ‘ਚ ਬਰਖ਼ਾਸਤ ਹੋਇਆ ਸੀ) ਵਿਚਾਲੇ ਹਾਈਕੋਰਟ ਦੇ ਇੱਕ ਜੱਜ ਨੂੰ 35 ਲੱਖ ਦੇਣ ਦੀ ਗੱਲ ਹੋ ਰਹੀ ਹੈ। ਇਹ ਨਹੀਂ ਪਤਾ ਇਹ 35 ਲੱਖ ਕਿਸ ਨੇ ਦਿੱਤਾ। ਬੈਂਸ ਨੇ ਕਿਹਾ ਕਿ ਉਨ੍ਹਾਂ ਕੋਲ ਹੋਰ ਵੀ ਸਬੂਤ ਹਨ। ਉਹ ਚੀਫ ਜਸਟਿਸ ਨੂੰ ਮਿਲਣਗੇ ਤੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਜਾਵੇਗੀ। ਬੈਂਸ ਨੇ ਕਿਹਾ ਕਿ ਬਰਖ਼ਾਸਤ ਪੀਸੀਐਸ ਅਧਿਕਾਰੀ ਡਿਪਟੀ ਐਡਵੋਕੇਟ ਜਨਰਲ ਨਾਲ ਗੱਲਬਾਤ ਕਰ ਰਿਹਾ ਹੈ ਕਿਉਂਕਿ ਉਸ ‘ਤੇ ਵੀ ਭ੍ਰਿਸ਼ਟਾਚਾਰ ਦਾ ਕੇਸ ਹੈ। ਉਹ ਹੋਰ ਕੇਸਾਂ ‘ਚ ਵੀ ਆਡੀਓ ਵਿੱਚ ਸੈਟਿੰਗ ਦੀ ਗੱਲ ਕਰ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਇਸ ਆਡੀਓ ਦੀ ਵੀਡੀਓ ਵੀ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਖਹਿਰਾ ਨੂੰ ਫਸਾਇਆ ਗਿਆ ਹੈ। ਹੇਠਾਂ ਦਿੱਤੇ ਲਿੰਕ 'ਤੇ ਜਾ ਕੇ ਸੁਣੋ ਬੈਂਸ ਵੱਲੋਂ ਦਿੱਤੀ ਆਡੀਓ ਕਲਿੱਪ: [embed]