ਫਗਵਾੜਾ: ਫਗਵਾੜਾ ਵਿਖੇ 25 ਅਗਸਤ ਨੂੰ ਐਲਾਨੇ ਗਏ ਸੂਬਾ ਪੱਧਰੀ ਵੱਡੇ ਕਿਸਾਨ ਅੰਦੋਲਨ ਜਿਸ ’ਚ ਪੰਜਾਬ ਸਰਕਾਰ ਖ਼ਿਲਾਫ਼ ਸੂਬੇ ਭਰ ਤੋਂ ਕਿਸਾਨਾਂ ਨੇ ਫਗਵਾੜਾ ਆ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਧਰਨਾ ਲਗਾਉਣਾ ਸੀ, ਨੂੰ ਹਾਲ ਦੀ ਘੜੀ ਮੁਲਤਵੀ ਕਰ ਦਿੱਤਾ ਗਿਆ ਹੈ।


ਕਿਸਾਨ ਆਗੂਆਂ ਨੇ  ਕਿਹਾ ਕਿ ਇਹ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਉਸ ਭਰੋਸੇ ਤੋਂ ਬਾਅਦ ਮੁਲਤਵੀ ਕੀਤਾ ਗਿਆ ਹੈ, ਜਿਸ ’ਚ ਆਖਿਆ ਗਿਆ ਹੈ ਕਿ ਸਰਕਾਰ ਵੱਲੋਂ 30 ਅਗਸਤ ਤੱਕ ਕਿਸਾਨਾਂ ਦੇ ਖ਼ਾਤਿਆਂ ’ਚ ਮਿੱਲ ਮਾਲਕਾਂ ਦੀ ਹਰਿਆਣੇ ਦੇ ਜ਼ਿਲ੍ਹਾ ਫਤਿਹਾਬਾਦ ਦੇ ਪਿੰਡ ਭੂਨਾ ਦੀ ਜ਼ਮੀਨ ਦੀ ਰਜਿਸਟਰੀ ਕਰਵਾ ਕੇ 24 ਕਰੋੜ ਰੁਪਏ ਦੀ ਰਕਮ ਕਿਸਾਨਾਂ ਦੇ ਬੈਂਕ ਖ਼ਾਤਿਆਂ ’ਚ ਪਾ ਦਿੱਤੀ ਜਾਵੇਗੀ।


ਗੰਨਾ ਮਿੱਲ ਵੱਲ ਕਿਸਾਨਾਂ ਦਾ ਰਹਿੰਦਾ ਬਕਾਇਆ ਨਾ ਦੇਣ ਦੇ ਵਿਰੋਧ ’ਚ ਫਗਵਾੜਾ ਵਿਖੇ ਨੈਸ਼ਨਲ ਹਾਈਵੇ ਨੰਬਰ ਇੱਕ ’ਤੇ ਬੈਠੇ ਕਿਸਾਨਾਂ ਦਾ ਭਗਵੰਤ ਮਾਨ ਸਰਕਾਰ ਅਤੇ ਮਿੱਲ ਖ਼ਿਲਾਫ਼ ਰੋਸ ਧਰਨੇ ਅਤੇ ਪ੍ਰਦਰਸ਼ਨਾਂ ਦਾ ਦੌਰ ਬੁੱਧਵਾਰ ਲਗਾਤਾਰ 17ਵੇਂ ਦਿਨ ਵੀ ਜਾਰੀ ਰਿਹਾ। 


ਇਸ ਦੌਰਾਨ ਬੀਤੇ ਦਿਨਾਂ ਵਾਂਗ ਹੀ ਬੁੱਧਵਾਰ ਵੀ ਕਿਸਾਨਾਂ ਵੱਲੋਂ ਕੌਮੀ ਰਾਜਮਾਰਗ ਸਮੇਤ ਇਲਾਕੇ ਦੀਆਂ ਸਰਵਿਸ ਸੜਕਾਂ ਆਦਿ ਕਿਸੇ ਵੀ ਥਾਂ ’ਤੇ ਟ੍ਰੈਫਿਕ ਨੂੰ ਨਹੀਂ ਰੋਕਿਆ ਗਿਆ, ਜਿਸ ਨਾਲ ਫਗਵਾੜੇ ’ਚ ਲੰਘਣ ਵਾਲਾ ਟ੍ਰੈਫਿਕ ਆਮ ਦਿਨਾਂ ਵਾਂਗ ਹੀ ਚਾਲੂ ਰਿਹਾ ਹੈ।


ਕਿਸਾਨਾਂ ਨੇ ਦੱਸਿਆ ਕਿ ਭਾਵੇਂ 25 ਅਗਸਤ ਦਾ ਫਗਵਾੜਾ ਵਿਖੇ ਹੋਣ ਵਾਲਾ ਵੱਡਾ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਅਤੇ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ ਪਰ ਫਗਵਾੜਾ ’ਚ 25 ਅਗਸਤ ਨੂੰ 31 ਕਿਸਾਨ ਜਥੇਬੰਦੀਆਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਤਲੇ ਅਹਿਮ ਮੀਟਿੰਗ ਮਿੱਥੀ ਗਈ ਹੈ, ਜਿਸ ਵਿਚ ਗੰਨਾ ਕਿਸਾਨਾਂ ਦੇ ਬਕਾਏ ਸਮੇਤ ਕਿਸਾਨਾਂ ਦੇ ਹੋਰ ਮੁੱਦਿਆਂ ਨੂੰ ਲੈ ਕੇ ਅਹਿਮ ਚਰਚਾ ਕੀਤੀ ਜਾਵੇਗੀ ਅਤੇ ਮਾਮਲੇ ਨੂੰ ਲੈ ਕੇ ਅੱਗੇ ਕੀ ਕਰਨਾ ਹੈ ਉਸ ਨੂੰ ਲੈ ਕੇ ਰਣਨੀਤੀ ਤੇ ਵਿਚਾਰ ਹੋਣਗੇ। 


ਉਨ੍ਹਾਂ ਕਿਹਾ ਕਿ ਜਦ ਤੱਕ ਗੰਨਾ ਕਿਸਾਨਾਂ ਦਾ ਪੰਜਾਬ ਸਰਕਾਰ ਵੱਲੋਂ ਬਣਦਾ 72 ਕਰੋੜ ਰੁਪਏ ਦਾ ਬਕਾਇਆ ਪੂਰੀ ਤਰ੍ਹਾਂ ਨਾਲ ਉਨ੍ਹਾਂ ਦੇ ਖਾਤਿਆਂ ’ਚ ਨਹੀਂ ਪਾ ਦਿੱਤਾ ਜਾਂਦਾ ਹੈ, ਦਾ ਤੱਕ ਫਗਵਾੜਾ ’ਚ ਕੌਮੀ ਰਾਜਮਾਰਗ ਨੰਬਰ ਇੱਕ ਤੇ ਕਿਸਾਨਾਂ ਵੱਲੋਂ ਜਾਰੀ ਸਰਕਾਰ ਖ਼ਿਲਾਫ਼ ਰੋਸ ਧਰਨੇ ਅਤੇ ਪ੍ਰਦਰਸ਼ਨਾਂ ਦਾ ਦੌਰ ਇਸੇ ਤਰ੍ਹਾਂ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ।