ਅੰਮ੍ਰਿਤਸਰ: ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਅਕਾਲੀ ਲੀਡਰ ਅਵਤਾਰ ਸਿੰਘ ਹਿੱਤ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ ਹੈ। ਪੰਜ ਸਿੰਘ ਸਹਿਬਾਨ ਵੱਲੋਂ ਹਿੱਤ ਨੂੰ ਜੋੜੇ ਝਾੜਨ, ਬਰਤਨ ਸਾਫ ਕਰਨ ਤੇ ਕੀਰਤਨ ਸਰਵਨ ਕਰਨ ਦੀ ਸੇਵਾ ਲਾਈ ਹੈ। ਅਵਤਾਰ ਸਿੰਘ ਹਿੱਤ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਪੰਜ ਸਿੰਘ ਸਾਹਿਬਾਨ ਸਾਹਮਣੇ ਪੇਸ਼ ਹੋਏ।


ਯਾਦ ਰਹੇ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਉੱਪਰ ਇਲਜ਼ਾਮ ਸੀ ਕਿ ਉਨ੍ਹਾਂ ਸਿੱਖ ਧਰਮ ਦੀ ਅਰਦਾਸ ਦੇ ਵਾਕ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਸ਼ਲਾਘਾ ਲਈ ਵਰਤੇ ਸੀ। ਇਸ ਮਗਰੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਨੇ ਹਿੱਤ ਨੂੰ ਤਲਬ ਕੀਤਾ ਸੀ। ਹਿੱਤ ਦਿੱਲੀ ਕਮੇਟੀ ਦੇ ਵੀ ਪ੍ਰਧਾਨ ਰਹੇ ਹਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਨ।

ਹਾਸਲ ਜਾਣਕਾਰੀ ਮੁਤਾਬਕ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ 13 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਸੀ। ਤਿੰਨ ਰੋਜ਼ਾ ਗੁਰਮਤਿ ਸਮਾਗਮਾਂ ਦੌਰਾਨ ਗੁਰਦੁਆਰਾ ਸ਼ੀਤਲਕੁੰਡ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਇਹ ਨੀਂਹ ਪੱਥਰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਰੱਖਿਆ ਗਿਆ ਸੀ।

ਸਮਾਗਮ ਵਿਚ ਤਖ਼ਤ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਹਾਜ਼ਰ ਸਨ। ਇਸ ਮੌਕੇ ਨਿਤੀਸ਼ ਕੁਮਾਰ ਦੀ ਸ਼ਲਾਘਾ ਕਰਦਿਆਂ ਅਵਤਾਰ ਸਿੰਘ ਹਿੱਤ ਵੱਲੋਂ ਸਿੱਖ ਅਰਦਾਸ ਦੇ ਵਾਕ ਵਰਤੇ ਗਏ ਸੀ।