ਸ਼ੰਕਰ ਦਾਸ ਦੀ ਰਿਪੋਰਟ



ਚੰਡੀਗੜ੍ਹ: ਪੰਜਾਬ ਵਿੱਚ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਉਣ ਦਾ ਦਾਅਵਾ ਕਰਨ ਵਾਲੀ ਭਗਵੰਤ ਮਾਨ ਸਰਕਾਰ ਇੱਕ ਵਾਰ ਫ਼ਿਰ ਸਵਾਲਾਂ ਦੇ ਘੇਰੇ 'ਚ ਆ ਗਈ ਹੈ। ਮੀਡੀਆ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਸਿਰਫ਼ 2,000 ਰੁਪਏ ਦਾ ਭੁਗਤਾਨ ਕਰਕੇ ਤੁਸੀਂ ਆਯੂਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ (ABSBY) ਤਹਿਤ ਕਿਸੇ ਵੀ ਪ੍ਰਾਈਵੇਟ ਹਸਪਤਾਲ ਵਿੱਚ ਸਿਹਤ ਬੀਮਾ ਕਾਰਡ ਤੇ 5 ਲੱਖ ਰੁਪਏ ਤੱਕ ਦੇ ਆਸਾਨੀ ਨਾਲ ਲਾਭ ਲੈ ਸਕਦੇ ਹੋ। ਹੈਰਾਨੀ ਦੀ ਗੱਲ ਹੈ ਕਿ ਇਸ ਲਈ ਇੱਕ ਯੋਗ ਲਾਭਪਾਤਰੀ ਵੀ ਨਹੀਂ ਹੋਣਾ ਚਾਹੀਦਾ।



ਇਸ ਸਬੰਧੀ ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ। ਖਹਿਰਾ ਨੇ ਟਵੀਟ ਕਰਕੇ ਕਿਹਾ ਕਿ ਕੌਣ ਕਹਿੰਦਾ ਭਗਵੰਤ ਮਾਨ ਨੇ ਪੰਜਾਬ ਵਿੱਚ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਈ ਹੈ? ਇਸ ਪੱਤਰਕਾਰ ਨੇ 2 ਹਜ਼ਾਰ ਰੁਪਏ ਦਾ ਭੁਗਤਾਨ ਕਰਕੇ ਕੁਝ ਘੰਟਿਆਂ ਵਿੱਚ ਆਪਣਾ ਆਯੁਸ਼ਮਾਨ ਕਾਰਡ ਬਣਾ ਲਿਆ! ਉਨ੍ਹਾਂ ਅਰਵਿੰਦ ਕੇਜਰੀਵਾਲ ਨੂੰ ਟੈਗ ਕਰਦਿਆਂ ਕਿਹਾ ਕਿ ਹਿਮਾਚਲ ਤੇ ਗੁਜਰਾਤ ਦੇ ਵੋਟਰ ਨਵੀਂ ਝੂਠ ਦੀ ਮਸ਼ੀਨ ਤੋਂ ਸਾਵਧਾਨ ਰਹਿਣ।  

ਦਰਅਸਲ 'ਚ ਅੰਗਰੇਜ਼ੀ ਅਖਬਾਰ 'ਦ ਟ੍ਰਿਬਿਊਨ' ਵਿੱਚ ਦਾਅਵਾ ਕੀਤਾ ਗਿਆ ਹੈ ਕਿ 2,000 ਰੁਪਏ ਦੀ ਮਾਮੂਲੀ ਰਕਮ ਦਾ ਭੁਗਤਾਨ ਕਰਕੇ ਸੂਬੇ ਦੇ ਵੱਖ-ਵੱਖ ਸਾਈਬਰ ਕੈਫ਼ਿਆਂ ਵਿੱਚ ਜਾਅਲੀ ਆਯੁਸ਼ਮਾਨ ਸਿਹਤ ਬੀਮਾ ਕਾਰਡ ਜਾਰੀ ਕੀਤੇ ਜਾ ਰਹੇ ਹਨ। ਏਜੰਟ ਗਾਹਕ ਲੱਭਣ ਲਈ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਦੇ ਗੇੜੇ ਮਾਰਦੇ ਹਨ। ਇਸ ਤੋਂ ਬਾਅਦ ਉਹ ਸਿਰਫ਼ ਆਧਾਰ ਕਾਰਡ ਦੇ ਵੇਰਵੇ ਲੈਂਦੇ ਹਨ ਤੇ ਕੁਝ ਘੰਟਿਆਂ ਵਿੱਚ ਇੱਕ ਜਾਅਲੀ ਆਯੁਸ਼ਮਾਨ ਹੈਲਥ ਕਾਰਡ ਜਾਰੀ ਕਰਦੇ ਹਨ।

ਦੱਸ ਦਈਏ ਕਿ ABSBY ਇੱਕ ਰਾਸ਼ਟਰੀ ਸਿਹਤ ਬੀਮਾ ਯੋਜਨਾ ਹੈ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਸੀ। ਖਾਸ ਤੌਰ 'ਤੇ ਆਯੁਸ਼ਮਾਨ ਯੋਜਨਾ ਵਿੱਚ ਪ੍ਰਤੀ ਸਾਲ 5 ਲੱਖ ਰੁਪਏ ਦਾ ਸਿਹਤ ਕਵਰ ਹੈ। ਉਕਤ ਸਕੀਮ ਤਹਿਤ ਇੱਕ ਲਾਭਪਾਤਰੀ ਦੇਸ਼ ਭਰ ਦੇ ਕਿਸੇ ਵੀ ਸਰਕਾਰੀ/ਪ੍ਰਾਈਵੇਟ ਹਸਪਤਾਲ ਵਿਚ ਇਲਾਜ ਵਜੋਂ ਲਾਭ ਲੈ ਸਕਦਾ ਹੈ।

ਸੂਤਰਾਂ ਅਨੁਸਾਰ ਇਹ ਘੁਟਾਲਾ ਪਿਛਲੇ ਕਾਫੀ ਸਮੇਂ ਤੋਂ ਚੱਲ ਰਿਹਾ ਹੈ। ਜਾਅਲੀ ਕਾਰਡ ਜਾਰੀ ਕਰਨ ਲਈ ਯੋਗ ਲਾਭਪਾਤਰੀਆਂ ਦੇ ਪ੍ਰਮਾਣ ਪੱਤਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਪੰਜਾਬ ਵਿੱਚ ਯੋਜਨਾ ਨੂੰ ਲਾਗੂ ਕਰਨ ਵਾਲੇ ਇੱਕ ਅਧਿਕਾਰੀ ਨੇ ਕਿਹਾ, ਪਿਤਾ ਦਾ ਨਾਮ ਤੇ ਫਰਜ਼ੀ ਹੈਲਥ ਕਾਰਡ ਦਾ ਪਤਾ ਆਮ ਤੌਰ 'ਤੇ ਆਧਾਰ ਕਾਰਡ ਨਾਲ ਮੇਲ ਨਹੀਂ ਖਾਂਦਾ।