ਫਰੀਦਕੋਟ: ਬਾਬਾ ਫਰੀਦ ਸੁਸਾਇਟੀ ਨੇ 2019 ਦੇ ਐਵਾਰਡਾਂ ਦਾ ਐਲਾਨ ਕਰ ਦਿੱਤਾ ਹੈ। ਗੁਰਦੁਆਰਾ ਗੋਦੜੀ ਸਾਹਿਬ ਬਾਬਾ ਫਰੀਦ ਸੁਸਾਇਟੀ (ਰਜਿ:) ਦੇ ਮੈਂਬਰਾਂ ਨੇ 2 ਸਤਬੰਰ, 2019 ਨੂੰ ਪ੍ਰਧਾਨ ਇੰਦਰਜੀਤ ਸਿੰਘ ਸੇਖੋਂ ਦੀ ਨਿਗਰਾਨੀ ਹੇਠ ਸਰਬਸੰਮਤੀ ਨਾਲ ਚੰਦਰ ਸ਼ੇਖਰ ਆਈਪੀਐਸ, ਇੰਸਪੈਕਟਰ ਜਨਰਲ ਆਫ਼ ਪੁਲਿਸ, ਐਸਟੀਐਫ ਨੂੰ 'ਬਾਬਾ ਫਰੀਦ ਐਵਾਰਡ ਆਫ਼ ਔਨਸਟੀ' ਦੇਣ ਦਾ ਫੈਸਲਾ ਕੀਤਾ।


ਇਸ ਦੇ ਨਾਲ ਹੀ ਗੁਰਦੇਵ ਸਿੰਘ ਆਈਏਐਸ ਸਾਬਕਾ ਡੀਸੀ ਅੰਮ੍ਰਿਤਸਰ (1984) ਨੂੰ 'ਭਗਤ ਪੂਰਨ ਸਿੰਘ ਐਵਾਰਡ' ਲਈ ਚੁਣਿਆ ਗਿਆ। ਬਾਬਾ ਫਰੀਦ ਆਗਮਨ ਪੁਰਬ 'ਤੇ ਭਗਤ ਪੂਰਨ ਸਿੰਘ ਤੇ ਬਾਬਾ ਫਰੀਦ ਐਵਾਰਡ ਹਾਸਲ ਕਰਨ ਲਈ ਕੁੱਲ 31 ਅਰਜ਼ੀਆਂ ਆਈਆਂ ਸੀ।


'ਭਗਤ ਪੂਰਨ ਸਿੰਘ ਐਵਾਰਡ' ਲਈ ਚੁਣੇ ਗਏ ਗੁਰਦੇਵ ਸਿੰਘ ਨੇ ਹੀ ਸਲਾਹ ਦਿੱਤੀ ਸੀ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਨਹੀਂ ਕਰਨਾ ਚਾਹੀਦਾ, ਕਿਉਂਕਿ ਇਸ ਨਾਲ ਮਨੁੱਖਤਾ ਦਾ ਘਾਣ ਹੋਏਗਾ। ਉਨ੍ਹਾਂ ਦਿਨਾਂ ਵਿੱਚ ਇਹੋ ਜਿਹੀ ਸਲਾਹ ਦੇਣਾ ਬਹੁਤ ਔਖਾ ਕਦਮ ਸੀ। ਇਸ ਲਈ ਉਨ੍ਹਾਂ ਨੂੰ ਮਨੁੱਖਤਾ ਦੀ ਸੇਵਾ ਕਰਨ ਲਈ ਬਾਬਾ ਫਰੀਦ ਐਵਾਰਡ ਦੇ ਕੇ ਨਿਵਾਜਿਆ ਗਿਆ ਹੈ।


ਇਸ ਤਰ੍ਹਾਂ ਤਰਸੇਮ ਕਪੂਰ ਚੇਅਰਮੈਨ, ਅਪਾਹਜ਼ ਆਸ਼ਰਮ ਜਲੰਧਰ ਨੂੰ 'ਭਗਤ ਪੂਰਨ ਸਿੰਘ ਐਵਾਰਡ ਫਾਰ ਸਰਵਿਸ ਟੂ ਹਿਊਮੈਨਿਟੀ' ਲਈ ਚੁਣਿਆ ਗਿਆ। ਉਨ੍ਹਾਂ ਨੇ ਕਰੀਬ 200 ਅਪਾਹਜਾਂ ਜੋ ਆਪਣਿਆਂ ਵੱਲੋਂ ਜਾਂ ਸਮਾਜ ਵੱਲੋਂ ਠੁਕਰਾਏ ਜਾ ਚੁੱਕੇ ਸਨ, ਨੂੰ ਲੋੜਵੰਦਾਂ ਦੀ ਬੇਬਾਕ ਸੇਵਾ ਕਰਨ ਹਿੱਤ 'ਮਨੱਖਤਾ ਦੀ ਸੇਵਾ' ਐਵਾਰਡ ਲਈ ਚੁਣਿਆ ਗਿਆ। ਇਨ੍ਹਾਂ ਸ਼ਖ਼ਸੀਅਤਾਂ ਨੂੰ 23 ਸਤਬੰਰ, 2019 ਨੂੰ ਬਾਬਾ ਫਰੀਦ ਜੀ ਦੇ ਆਗਮਨ ਪੁਰਬ 'ਤੇ ਸਨਮਾਨਤ ਕੀਤਾ ਜਾਏਗਾ।


23 ਸਤੰਬਰ ਨੂੰ ਗੁਰਦੁਆਰਾ ਗੋਦੜੀ ਸਾਹਿਬ ਦੇ ਦੀਵਾਨ ਹਾਲ ਵਿਖੇ ਸੰਗਤਾਂ ਦੇ ਇਕੱਠ ਵਿੱਚ ਦੁਪਿਹਰ 1 ਵਜੇ ਉਕਤ ਸ਼ਖ਼ਸੀਅਤਾਂ ਨੂੰ ਸਿਰੋਪਾ, ਦੁਸ਼ਾਲਾ, 1-1 ਲੱਖ ਰੁਪਏ ਦੀ ਨਗਦ ਰਾਸ਼ੀ ਤੇ ਸਾਈਟੇਸ਼ਨ ਨਾਲ ਨਵਾਜਿਆ ਜਾਏਗਾ।