Sidhu Moosewala murder case: ਸਿੱਧੂ ਮੂਸੇਵਾਲਾ ਕਤਲ ਕੇਸ ਦੀਆਂ ਤਾਰਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜਦੀਆਂ ਜਾ ਰਹੀਆਂ ਹਨ। ਬੇਸ਼ੱਕ ਪੁਲਿਸ ਨੇ ਪਹਿਲਾਂ ਵੀ ਕਈ ਕਾਲਾਕਾਰਾਂ ਤੋਂ ਪੁੱਛਗਿੱਛ ਕੀਤੀ ਹੈ ਪਰ ਹੁਣ ਪੰਜਾਬੀ ਗਾਇਕ ਬੱਬੂ ਮਾਨ, ਮਨਕੀਰਤ ਔਲਖ ਤੇ ਦਿਲਪ੍ਰੀਤ ਢਿੱਲੋਂ ਨੂੰ ਤਲਬ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਪੁਲਿਸ ਦੇ ਹੱਥ ਕੁਝ ਅਜਿਹੇ ਸੂਬਤ ਲੱਗੇ ਹਨ ਜਿਸ ਕਰਕੇ ਸਿੱਧੂ ਮੂਸੇਵਾਲਾ ਕਤਲ ਕੇਸ ਦੀਆਂ ਤਾਰਾਂ ਮਿਊਜ਼ਿਕ ਇਡੰਸਟਰੀ ਨਾਲ ਜੁੜਦੀਆਂ ਦਿਖਾਈ ਦੇ ਰਹੀਆਂ ਹਨ। ਉਂਝ ਪੁਲਿਸ ਨੇ ਅਜੇ ਇਸ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਹੈ।



ਦੱਸ ਦਈਏ ਕਿ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ਤਹਿਤ ਪੁਲਿਸ ਨੇ ਗਾਇਕ ਬੱਬੂ ਮਾਨ, ਮਨਕੀਰਤ ਔਲਖ ਤੇ ਦਿਲਪ੍ਰੀਤ ਢਿੱਲੋਂ ਨੂੰ ਪੁੱਛ-ਪੜਤਾਲ ਲਈ ਸੱਦਿਆ ਹੈ। ਮਾਨਸਾ ਦੇ ਐਸਐਸਪੀ ਡਾ. ਨਾਨਕ ਸਿੰਘ ਨੇ ਕਿਹਾ ਕਿ ਗਾਇਕਾਂ ਨੂੰ ਮਾਨਸਾ ’ਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਨੇ ਗਾਇਕਾਂ ਨੂੰ ਵੱਖ-ਵੱਖ ਤਰੀਕਾਂ ’ਤੇ ਸੱਦਿਆ ਹੈ ਜਿਨ੍ਹਾਂ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ।


 ਇਹ ਵੀ ਪੜ੍ਹੋ : ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦਾ ਖ਼ਤਰਾ, ਖ਼ੁਫ਼ੀਆ ਇਨਪੁੱਟ ਮਗਰੋਂ ਹਾਈ ਅਲਰਟ 'ਤੇ ਪੁਲਿਸ

ਇਨ੍ਹਾਂ ਗਾਇਕਾਂ ਤੋਂ ਇਲਾਵਾ ਪੁਲਿਸ ਨੇ ਸੰਗੀਤ ਨਿਰਦੇਸ਼ਕ ਨਿਸ਼ਾਨ ਸਿੰਘ, ਜੋ ਇੱਕ ਸੀਨੀਅਰ ਪੁਲਿਸ ਅਧਿਕਾਰੀ ਦਾ ਪੁੱਤਰ ਦੱਸਿਆ ਗਿਆ ਹੈ ਤੇ ਬਾਵਾ ਸੰਧੂ, ਜੋ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨਜ਼ਦੀਕੀ ਹੈ, ਨੂੰ ਵੀ ਤਲਬ ਕੀਤਾ ਹੈ। ਇਸ ਤੋਂ ਇਲਾਵਾ ਮੁਕਤਸਰ ਜ਼ਿਲ੍ਹੇ ਦੇ ਪਿੰਡ ਭੰਗਚੜੀ ਦੇ ਦੋ ਜਣਿਆਂ ਨੂੰ ਵੀ ਸੱਦਿਆ ਗਿਆ ਹੈ। ਪੁਲਿਸ ਨੇ ਮਰਹੂਮ ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਭਰਾ ਅਜੈਪਾਲ ਸਿੰਘ ਮਿੱਡੂਖੇੜਾ ਨੂੰ ਵੀ ਸੱਦਿਆ ਸੀ ਤੇ ਉਹ ਪਿਛਲੇ ਹਫ਼ਤੇ ਪੁਲੀਸ ਕੋਲ ਪੇਸ਼ ਹੋਇਆ ਸੀ।

ਪੁਲਿਸ ਮੁਤਾਬਕ ਇਨ੍ਹਾਂ ਵਿਅਕਤੀਆਂ ਦੇ ਨਾਂ ਵੀ ਮੂਸੇਵਾਲਾ ਦੇ ਪਿਤਾ ਨੇ ਆਪਣੇ ਪੁੱਤਰ ਦੇ ਕਤਲ ਵਿੱਚ ਉਨ੍ਹਾਂ ਦੀ ਭੂਮਿਕਾ ਸਬੰਧੀ ਜਾਂਚ ਦੀ ਮੰਗ ਕਰਦਿਆਂ ਦਿੱਤੇ ਸਨ। ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਹੁਣ ਤੱਕ ਇਸ ਮਾਮਲੇ ਵਿੱਚ 36 ਲੋਕਾਂ ਨੂੰ ਮੁਲਜ਼ਮ ਵਜੋਂ ਦਰਜ ਕੀਤਾ ਹੈ ਤੇ 24 ਮੁਲਜ਼ਮਾਂ ਖ਼ਿਲਾਫ਼ 1850 ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਹੈ।