Punjab News : ਦੇਸ਼ ਵਿਰੋਧੀ ਤੱਤਾਂ ਵੱਲੋਂ ਲਗਾਤਾਰ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਪੰਜਾਬ ਪੁਲਿਸ ਹਰ ਵਾਰ ਉਨ੍ਹਾਂ ਦੇ ਮਕਸਦ ਨਾਕਾਮ ਕਰ ਰਹੀ ਹੈ। ਕੁੱਝ ਮਹੀਨੇ ਪਹਿਲਾਂ ਖ਼ੁਫ਼ੀਆ ਏਜੰਸੀਆਂ ਵੱਲੋਂ ਇਨਪੁੱਟਸ ਦਿੱਤੇ ਗਏ ਸਨ ਕਿ ਅੱਤਵਾਦੀ ਪੰਜਾਬ ’ਚ ਸਰਕਾਰੀ ਇਮਾਰਤਾਂ ਅਤੇ ਥਾਣਿਆਂ ਨੂੰ ਨਿਸ਼ਾਨਾ ਬਣਾ ਸਕਦੇ ਹਨ। 

 

ਹਾਲਾਂਕਿ ਉਸ ਤੋਂ ਬਾਅਦ ਥਾਣੇ-ਚੌਂਕੀਆਂ ਦੇ ਨਾਲ ਸਰਕਾਰੀ ਇਮਾਰਤਾਂ ਦੀ ਵੀ ਸੁਰੱਖਿਆ ਵਧਾ ਦਿੱਤੀ ਗਈ ਸੀ ਪਰ ਹੁਣ ਫਿਰ ਖ਼ੁਫ਼ੀਆ ਏਜੰਸੀਆਂ ਨੇ ਪੰਜਾਬ ਪੁਲਿਸ ਨੂੰ ਚੌਕਸ ਰਹਿਣ ਲਈ ਕਿਹਾ ਹੈ। ਇਨਪੁੱਟਸ ਮਿਲੇ ਹਨ ਕਿ ਕਈ ਦੇਸ਼ ਵਿਰੋਧੀ ਲੋਕ ਥਾਣੇ ਜਾਂ ਹੋਰ ਸਰਕਾਰੀ ਇਮਾਰਤਾਂ ’ਤੇ ਹਮਲਾ ਕਰ ਸਕਦੇ ਹਨ। ਜਿਸ ਤੋਂ ਬਾਅਦ ਫਿਰ ਖ਼ਤਰਾ ਮੰਡਰਾਉਣ ਲੱਗਾ ਹੈ। ਇਸ ਲਈ ਪੰਜਾਬ ਪੁਲਸ ਪੂਰੀ ਤਰ੍ਹਾਂ ਚੌਕਸ ਹੋ ਚੁੱਕੀ ਹੈ।   

 

ਸੀ.ਪੀ. ਵੱਲੋਂ ਸਾਰੇ ਉੱਚ ਅਧਿਕਾਰੀਆਂ ਅਤੇ ਥਾਣਾ ਪੁਲਿਸ ਨੂੰ ਚੌਕਸ ਰਹਿਣ ਦੇ ਹੁਕਮ ਜਾਰੀ ਕਰ ਦਿੱਤੇ ਹਨ ਕਿ ਥਾਣੇ ਦੇ ਅੰਦਰ ਅਤੇ ਬਾਹਰ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸ਼ਹਿਰ ਤੋਂ ਬਾਹਰ ਥਾਣਿਆਂ ਜਾਂ ਹਾਈਵੇਅ ’ਤੇ ਮੌਜੂਦ ਥਾਣਿਆਂ ’ਚ ਜ਼ਿਆਦਾ ਚੌਕਸੀ ਵਰਤਣ ਲਈ ਕਿਹਾ ਗਿਆ ਹੈ ਕਿਉਂਕਿ ਅਜਿਹੇ ਥਾਣਿਆਂ ਜਾਂ ਇਮਾਰਤਾਂ ’ਤੇ ਹਮਲਾ ਕਰ ਕੇ ਭੱਜਣਾ ਸੌਖਾ ਹੁੰਦਾ ਹੈ। ਇਸ ਲਈ ਹਾਈਵੇਅ ’ਤੇ ਬਣੇ ਥਾਣਿਆਂ ਦੀ ਸੁਰੱਖਿਆ ਵਧਾਉਣ ਲਈ ਕਿਹਾ ਗਿਆ ਹੈ। ਸ਼ਹਿਰ 'ਚ ਪੁਲਿਸ ਨੇ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਹੈ। 

 

ਸ਼ਹਿਰ ਦੇ ਐਂਟਰੀ ਅਤੇ ਨਿਕਾਸੀ ਰਸਤਿਆਂ ’ਤੇ ਪੁਲਿਸ ਦੀ ਨਾਕਾਬੰਦੀ ਕੀਤੀ ਗਈ ਹੈ। ਹਰ ਪਾਸੇ ਬੈਰੀਕੇਡ ਲਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਡੀ.ਸੀ.ਪੀ. ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਹ ਹੁਕਮ ਸਿਰਫ ਲੁਧਿਆਣਾ ਕਮਿਸ਼ਨਰੇਟ ਲਈ ਨਹੀਂ, ਸਗੋਂ ਪੂਜੇ ਪੰਜਾਬ ਦੇ ਥਾਣਿਆਂ ਅਤੇ ਸਰਕਾਰੀ ਇਮਾਰਤਾਂ ਲਈ ਆਏ ਹਨ। ਖ਼ੁਫ਼ੀਆ ਇੱਨਪੁਟਸ ਤੋਂ ਬਾਅਦ ਸੁਰੱਖਿਆ ਰਿਵਿਊ ਚੈੱਕ ਕਰਨ ਦੇ ਹੁਕਮ ਹਨ। ਸੁਰੱਖਿਆ ਵਿਵਸਥਾ ਨੂੰ ਦਰੁੱਸਤ ਕਰਨ ਦੇ ਹੁਕਮ ਤਾਂ ਪਹਿਲਾਂ ਹੀ ਚੱਲ ਰਹੇ ਹਨ। ਹੁਣ ਇਕ ਵਾਰ ਫਿਰ ਪੁਲਸ ਨੂੰ ਪੂਰੀ ਤਰ੍ਹਾਂ ਅਲਰਟ ਰਹਿਣ ਲਈ ਕਿਹਾ ਗਿਆ ਹੈ।