ਚੰਡੀਗੜ੍ਹ: ਬਲਾਤਕਾਰੀ ਬਾਬਾ ਰਾਮ ਰਹੀਮ ਦੀ ਚੜ੍ਹਤ ਪਿੱਛੇ ਕਾਂਗਰਸ ਤੇ ਅਕਾਲੀ ਦਲ ਦਾ ਵੀ ਵੱਡਾ ਹੱਥ ਰਿਹਾ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਮੌਜੂਦਾ ਮੁੱਖੀ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬਾਬੇ ਦੀ ਫੁੱਲ ਕ੍ਰਿਪਾ ਰਹੀ ਹੈ। ਇਹੀ ਕਾਰਨ ਸੀ ਬਲਾਤਕਾਰੀ ਬਾਬਾ ਜਾਂਚ ਏਜੰਸੀਆਂ ਤੇ ਅਦਾਲਤਾਂ ਨੂੰ ਟਿੱਚ ਸਮਝਦਾ ਸੀ। ਇਸ ਗੱਲ਼ ਦੀ ਪੁਸ਼ਟੀ ਹੇਠਲੇ ਤੱਥਾਂ ਤੋਂ ਬੜੀ ਆਸਾਨੀ ਨਾਲ ਹੋ ਜਾਏਗੀ। ਬੇਸ਼ੱਕ ਇਸ ਵਾਰ ਵਿਧਾਨ ਸਭਾ ਚੋਣਾਂ ਵਿੱਚ ਬਾਬੇ ਨੇ ਅਕਾਲੀ ਦਲ 'ਤੇ ਵੋਟਾਂ ਦੀ ਕ੍ਰਿਪਾ ਕੀਤੀ ਪਰ ਇਸ ਤੋਂ ਪਹਿਲਾਂ ਕਾਂਗਰਸੀ ਵੀ ਡੇਰੇ ਦੇ ਖੈਰ ਖਵਾਹ ਰਹੇ ਹਨ।

ਹਾਸਲ ਜਾਣਕਾਰੀ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ 2004-05 ਦੌਰਾਨ ਡੇਰਾ ਮੁਖੀ ਨੂੰ ਖੁਸ਼ ਕਰਨ ਲਈ ਪਿੰਡ ਕੈਲੇ ਵਾਂਦਰ ਦਾ ਨਾਂ ਬਦਲ ਕੇ ਉਸ ਦੀ ਮਾਤਾ ਨਸੀਬ ਕੌਰ ਦੇ ਨਾਂ ’ਤੇ ਨਸੀਬਪੁਰਾ ਰੱਖਿਆ ਸੀ। ਇਸ ਪਿੰਡ ਵਿੱਚ ਨਾਮ ਚਰਚਾ ਘਰ ਵੀ ਬਣਿਆ ਹੋਇਆ ਹੈ। ਪਿੰਡ ਦੀ ਵੋਟ ਕਰੀਬ 3150 ਹੈ। ਇਸ ਪਿੰਡ ਵਿੱਚ 70 ਫ਼ੀਸਦ ਡੇਰਾ ਪ੍ਰੇਮੀ ਹਨ। ਸੂਤਰਾਂ ਮੁਤਾਬਕ ਪੰਚਾਇਤੀ ਵੋਟਾਂ ਦੇ ਲਾਹੇ ਲਈ ਤਤਕਾਲੀ ਆਗੂਆਂ ਨੇ ਪੰਚਾਇਤੀ ਮਤਾ ਪਾਸ ਕਰ ਦਿੱਤਾ ਸੀ, ਜਿਸ ’ਤੇ ਕਾਂਗਰਸ ਸਰਕਾਰ ਨੇ ਮੋਹਰ ਲਾ ਦਿੱਤੀ ਸੀ।

ਇਸ 'ਤੇ ਛੱਕਾ ਲਾਉਂਦਿਆਂ ਬਾਦਲ ਸਰਕਾਰ ਨੇ ਡੇਰਾ ਪ੍ਰੇਮੀਆਂ ਦੀ ਬਹੁਗਿਣਤੀ ਵਾਲੇ ਪਿੰਡ ਕੋਟਲੀ ਖੁਰਦ ਦਾ ਨਾਂ ਬਦਲ ਕੇ ਪ੍ਰੇਮ ਕੋਟਲੀ ਰੱਖ ਦਿੱਤਾ ਸੀ। ਇਹ ਸਭ ਉਸ ਵੇਲੇ ਹੋ ਰਿਹਾ ਸੀ ਜਦੋਂ ਬਾਬੇ ਖਿਲਾਫ ਕਈ ਕੇਸ ਚੱਲ ਰਹੇ ਸੀ ਤੇ ਉਹ ਪੰਜਾਬ ਵਿੱਚ ਕਈ ਪੁਆੜੇ ਪੁਆ ਚੁੱਕਾ ਸੀ। ਅੱਜ ਸਿਆਸੀ ਪਾਰਟੀਆਂ ਖਾਮੋਸ਼ ਹਨ ਪਰ ਅਸਲੀਅਤ ਇਹ ਹੀ ਹੈ ਕਿ ਬਲਾਤਕਾਰੀ ਬਾਬਾ ਦੇ ਪੈਰ ਜਮਾਉਣ ਵਿੱਚ ਸਿਆਸੀ ਲੀਡਰਾਂ ਨੇ ਵੱਡਾ ਰੋਲ ਅਦਾ ਕੀਤਾ ਹੈ।