ਚੰਡੀਗੜ੍ਹ: ਡੇਰਾ ਮੁਖੀ ਦੇ ਨਾਲ ਹਰ ਸਮੇਂ ਪਰਛਾਵੇਂ ਵਾਂਗ ਰਹਿਣ ਵਾਲੀ ਹਨੀਪ੍ਰੀਤ ਬਾਰੇ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਮੂਲ ਰੂਪ 'ਚ ਫ਼ਤਿਆਬਾਦ ਦੀ ਰਹਿਣ ਵਾਲੀ ਹਨੀਪ੍ਰੀਤ ਉਰਫ਼ ਪ੍ਰਿਅੰਕਾ ਤਨੇਜਾ ਦੇ ਪਰਿਵਾਰ ਨੂੰ ਜਾਣਨ ਵਾਲਿਆਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ 'ਚ ਹੀ ਪਰਿਵਾਰ ਦੀ ਕਿਸਮਤ ਬਦਲ ਗਈ।

ਪ੍ਰਿਅੰਕਾ ਤਨੇਜਾ (ਹਨੀਪ੍ਰੀਤ) ਦਾ ਪਰਿਵਾਰ 1988 ਤੋਂ 1998 ਤੱਕ ਚਾਰ ਮਰਲੇ ਕਾਲੋਨੀ 'ਚ ਪੀ.ਐਨ.ਬੀ. ਬੈਂਕ ਦੇ ਪਿੱਛੇ ਤੰਗ ਗਲੀ 'ਚ ਕਿਰਾਏ ਦੇ ਮਕਾਨ 'ਚ ਰਹਿੰਦਾ ਸੀ। ਪ੍ਰਿਅੰਕਾ ਸਪਰਿੰਗ ਡੇਲ ਸਕੂਲ 'ਚ 9ਵੀਂ ਜਮਾਤ 'ਚ ਪੜ੍ਹਦੀ ਸੀ। ਉਸ ਦੇ ਦਾਦਾ ਡੇਰੇ ਦੇ ਸ਼ਰਧਾਲੂ ਸਨ।

ਉਸ ਸਮੇਂ ਪ੍ਰਿਅੰਕਾ ਵੀ ਪਰਿਵਾਰ ਨਾਲ ਡੇਰੇ ਜਾਂਦੀ ਸੀ। ਇਸ ਦੌਰਾਨ ਉਹ ਡੇਰਾ ਮੁਖੀ ਦੇ ਸੰਪਰਕ 'ਚ ਆਈ। ਹਨੀਪ੍ਰੀਤ ਦੇ ਦਾਦਾ ਰਾਮ ਸ਼ਰਨ ਦਾਸ ਡੇਰੇ ਦੇ ਖ਼ਜ਼ਾਨਚੀ ਬਣ ਗਏ। ਇਸ ਤੋਂ ਬਾਅਦ ਪਰਿਵਾਰ ਨੇ ਜਗਜੀਵਨ ਪੁਰਾ 'ਚ ਆਪਣਾ ਮਕਾਨ ਬਣਾ ਲਿਆ ਤੇ ਉਸ 'ਚ ਰਹਿਣ ਲੱਗੇ।

ਉਸ ਦੇ ਪਿਤਾ ਰਾਮਾ ਨੰਦ ਨੇ ਫ਼ਤਿਆਬਾਦ 'ਚ ਟਾਇਰਾਂ ਦੀ ਕੰਪਨੀ ਦੀ ਡੀਲਰਸ਼ਿਪ ਲੈ ਲਈ ਪਰ ਹਨੀਪ੍ਰੀਤ ਦਾ ਪਰਿਵਾਰ ਆਪਣੇ ਮਕਾਨ 'ਚ ਜ਼ਿਆਦਾ ਦਿਨ ਰੁਕ ਨਹੀਂ ਸਕਿਆ ਤੇ ਚਾਰ ਸਾਲ 'ਚ ਹੀ ਡੇਰੇ ਜਾ ਵੱਸਿਆ।

ਸਭ ਤੋਂ ਜ਼ਿਆਦਾ ਚਰਚਾ 'ਚ ਆਈ 37 ਸਾਲਾ ਹਨੀਪ੍ਰੀਤ ਨੂੰ ਡੇਰਾ ਮੁਖੀ ਨੇ 2009 'ਚ ਗੋਦ ਲਿਆ ਸੀ। ਫੇਸਬੁੱਕ 'ਤੇ ਖ਼ੁਦ ਨੂੰ ਡੇਰਾ ਮੁਖੀ ਦਾ ਵਾਰਸ ਐਲਾਨ ਕਰਨ ਵਾਲੀ ਹਨੀਪ੍ਰੀਤ ਦਾ ਰੋਅਬ ਵੀ ਡੇਰਾ ਮੁਖੀ ਦੀ ਤਰ੍ਹਾਂ ਚਲਦਾ ਸੀ।