ਕੈਪਟਨ ਦਾ ਪੁਰਾਣਾ ਰੌਂਅ ਵੇਖ ਹੋਏ ਸਭ ਹੈਰਾਨ!
ਏਬੀਪੀ ਸਾਂਝਾ | 29 Aug 2018 02:58 PM (IST)
ਚੰਡੀਗੜ੍ਹ: ਮੰਗਲਵਾਰ ਨੂੰ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁੜ ਪੁਰਾਣੇ ਰੌਂਅ ਵਿੱਚ ਦਿਖੇ। ਉਨ੍ਹਾਂ ਨੇ ਸੱਤਾ ਸੰਭਾਲਣ ਮਗਰੋਂ ਪਹਿਲੀ ਵਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਿਲਾਫ ਦਿਲ ਖੋਲ੍ਹ ਕੇ ਭੜਾਸ ਕੱਢੀ। ਉਨ੍ਹਾਂ ਨੇ ਬਾਦਲ ਨੂੰ ਬੁਜ਼ਦਿਲ, ਝੂਠਾ ਤੇ ਡਰਪੋਕ ਤੱਕ ਕਰਾਰ ਦੇ ਦਿੱਤਾ। ਕੈਪਟਨ ਨੇ ਪੰਜਾਬ ਦੀ ਮੌਜੂਦਾ ਹਾਲਤ ਲਈ ਬਾਦਲ ਨੂੰ ਹੀ ਜ਼ਿੰਮੇਵਾਰ ਦੱਸਿਆ। ਦਰਅਸਲ 2002 ਵਿੱਚ ਜਦੋਂ ਕੈਪਟਨ ਦੀ ਸਰਕਾਰ ਬਣੀ ਤਾਂ ਉਨ੍ਹਾਂ ਦੇ ਨਿਸ਼ਾਨੇ 'ਤੇ ਬਾਦਲ ਹੀ ਰਹਿੰਦੇ ਸੀ। ਉਹ ਬਾਦਲ ਨੂੰ ਹਮੇਸ਼ਾਂ ਨਿਸ਼ਾਨਾ ਬਣਾਉਂਦਿਆਂ ਪੰਜਾਬ ਦੀ ਹੋਣੀ ਦੇ ਜ਼ਿੰਮੇਵਾਰ ਦੱਸਦੇ ਸੀ। ਇਸ ਵਾਰ ਸਰਕਾਰ ਬਣਨ 'ਤੇ ਕੈਪਟਨ ਨੇ ਕਦੇ ਵੀ ਬਾਦਲਾਂ ਲਈ ਤਿਖੀ ਸ਼ਬਦਾਵਲੀ ਨਹੀਂ ਵਰਤੀ। ਇਸ ਲਈ ਕੈਪਟਨ ਦੇ ਸਾਥੀ ਮੰਤਰੀ ਵੀ ਔਖੇ ਸਨ। ਸੋਸ਼ਲ ਮੀਡੀਆ 'ਤੇ ਵੀ ਚਰਚਾ ਸੀ ਕਿ ਕੈਪਟਨ ਤੇ ਬਾਦਲਾਂ ਦਾ ਸਮਝੌਤਾ ਹੋ ਗਿਆ ਹੈ। ਮੰਗਲਵਾਰ ਨੂੰ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ 'ਤੇ ਬਹਿਸ ਦੌਰਾਨ ਕੈਪਟਨ ਇੰਨਾ ਤਿੱਖਾ ਬੋਲੇ ਕਿ ਸਭ ਹੈਰਾਨ ਸਨ। ਉਨ੍ਹਾਂ ਨੇ ਬਾਦਲ ਨੂੰ ਗੱਦਾਰ ਤੱਖ ਕਹਿ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਅੱਜ ਜਿਨ੍ਹਾਂ ਸਮਾਜਿਕ ਤੇ ਆਰਥਿਕ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਉਸ ਦੀ ਜੜ੍ਹ ਪ੍ਰਕਾਸ਼ ਸਿੰਘ ਬਾਦਲ ਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਬੰਦੇ ਨੇ ਖਾੜਕੂਵਾਦ ਸਮੇਂ ਗੱਲਬਾਤ ਨੂੰ ਤਾਰਪੀਡੋ ਕੀਤਾ ਤੇ ਆਪਣੇ ਨਿੱਜੀ ਮੁਫ਼ਾਦਾਂ ਲਈ ਰਾਜਨੀਤੀ ਕੀਤੀ। ਆਪ੍ਰੇਸ਼ਨ ਬਲੂ ਸਟਾਰ ਲਈ ਵੀ ਕੈਪਟਨ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਜ਼ਿੰਮੇਵਾਰ ਠਹਿਰਾਇਆ। ਕੈਪਟਨ ਨੇ ਕਿਹਾ ਕਿ ਬਾਦਲ ਬਿਮਾਰ ਹੋਣ ਦਾ ਬਹਾਨਾ ਕਰ ਰਿਹਾ ਹੈ, ਅਸਲ ਵਿੱਚ ਉਸ ਨੂੰ ਪਤਾ ਹੈ ਕਿ ਸਦਨ ਵਿੱਚ ਬੁਰੀ ਹੋਣੀ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਇਸ ਬੰਦੇ ਨੂੰ ਮੁਆਫ਼ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਖਾੜਕੂਵਾਦ ਸਮੇਂ ਅਤਿਵਾਦੀਆਂ ਨੂੰ ਹੱਲਾਸ਼ੇਰੀ ਬਾਦਲ ਵੱਲੋਂ ਦਿੱਤੀ ਜਾਂਦੀ ਰਹੀ ਹੈ ਤੇ ਆਪਣਾ ਪੁੱਤ ਪੜ੍ਹਨ ਲਈ ਵਿਦੇਸ਼ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਇਹ ਗੱਲ ਵੀ ਸਮਝ ਤੋਂ ਬਾਹਰ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਹੋ ਗਈ ਤੇ ਲੋਕ ਰੋਸ ਮਨਾਉਣ ਲਈ ਸੜਕਾਂ ’ਤੇ ਉਤਰੇ ਹੋਏ ਸੀ ਤੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੁੰਦੇ ਹੋਏ ਘੂਕ ਸੁੱਤੇ ਪਏ ਸਨ। ਉਨ੍ਹਾਂ ਕਿਹਾ ਕਿ ਪੜਤਾਲੀਆ ਰਿਪੋਰਟਾਂ ਤੋਂ ਤਾਂ ਇਸ ਤਰ੍ਹਾਂ ਜਾਪਦਾ ਹੈ ਕਿ ਜਿਵੇਂ ਬਾਦਲ ਗੋਲੀ ਚਲਾਉਣ ਦਾ ਪ੍ਰਬੰਧ ਕਰ ਰਹੇ ਹੋਣ।