ਚੰਡੀਗੜ੍ਹ: ਦਿੱਲੀ ਦੰਗਿਆਂ ਦਾ ਸੇਕ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੇ ਰਿਸ਼ਤਿਆਂ ਨੂੰ ਲੱਗਣਾ ਸ਼ੁਰੂ ਹੋ ਗਿਆ ਹੈ। ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਮਿਹਣਿਆਂ ਤੋਂ ਬਾਅਦ ਅਕਾਲੀ ਦਲ ਨੇ ਆਪਣੀ ਹੀ ਕੇਂਦਰ ਵਿਚਲੀ ਭਾਈਵਾਲ ਸਰਕਾਰ 'ਤੇ ਉਂਗਲ ਉਠਾਉਣੀ ਸ਼ੁਰੂ ਕਰ ਦਿੱਤੀ ਹੈ। ਬੇਸ਼ੱਕ ਅਕਾਲੀ ਦਲ ਦੀ ਇਹ ਵਿਰੋਧੀ ਸੁਰ ਚੁਫੇਰਿਓਂ ਸਿਆਸੀ ਦਬਾਅ ਕਰਕੇ ਹੈ ਪਰ ਆਉਣ ਵਾਲੇ ਸਮੇਂ ਵਿੱਚ ਪੰਥਕ ਪਾਰਟੀ ਦੇ ਭਗਵਾਂ ਦਲ ਨਾਲ ਰਿਸ਼ਤੇ ਜ਼ਰੂਰ ਕਰਵਟ ਲੈਂਦੇ ਨਜ਼ਰ ਆਉਂਦੇ ਹਨ।


ਹੈਰਾਨੀ ਦੀ ਗੱਲ ਹੈ ਕਿ ਬੀਜੇਪੀ ਬਾਰੇ ਹਮੇਸ਼ਾਂ ਗੋਲਮੋਲ ਗੱਲ ਕਰਨ ਵਾਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਸਾਫ ਸਪਸ਼ਟ ਭਾਸ਼ਾ ਵਿੱਚ ਮੋਦੀ ਸਰਕਾਰ ਨੂੰ ਨਸੀਹਤਾਂ ਦੇਣ ਲੱਗ ਪਏ ਹਨ। ਐਤਵਾਰ ਨੂੰ ਬਠਿੰਡਾ ਰੈਲੀ ਵਿੱਚ ਬਾਦਲ ਨੇ ਸਪਸ਼ਟ ਕਿਹਾ ਕਿ ਦੇਸ਼ ਦੀ ਤਰੱਕੀ ਲਈ ਘੱਟ ਗਿਣਤੀ ਜਮਾਤਾਂ ਦੇ ਅਹਿਸਾਸ ਸਮਝਣ ਦੀ ਲੋੜ ਹੈ। ਫ਼ਿਰਕੂ ਮਾਹੌਲ ਦੇ ਖ਼ਤਰੇ ਟਾਲਣ ਵਾਸਤੇ ਘੱਟ ਗਿਣਤੀ ’ਚ ਭਰੋਸਾ ਬਹਾਲ ਕਰਨ ਤੋਂ ਇਲਾਵਾ ਸਾਰਿਆਂ ਦੇ ਜਜ਼ਬਾਤ ਦਾ ਧਿਆਨ ਰੱਖਿਆ ਜਾਵੇ।

ਦੱਸ ਦਈਏ ਕਿ ਦਿੱਲੀ ਹਿੰਸਾ ਵਿੱਚ ਬੀਜੇਪੀ ਬੁਰੀ ਤਰ੍ਹਾਂ ਘਿਰ ਗਈ ਹੈ। ਇੱਕ ਤਾਂ ਇਨ੍ਹਾਂ ਦੰਗਿਆਂ ਵਿੱਚ ਪੁਲਿਸ ਦੀ ਕਾਰਗੁਜ਼ਾਰੀ ਸ਼ੱਕੀ ਹੈ। ਦਿੱਲੀ ਪੁਲਿਸ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਧੀਨ ਹੈ। ਇਸ ਲਈ ਸ਼ਾਹ ਦੇ ਅਸਤੀਫੇ ਦੀ ਮੰਗ ਉੱਠ ਰਹੀ ਹੈ। ਦੂਜਾ ਬੀਜੇਪੀ ਲੀਡਰਾਂ ਦੇ ਭੜਕਾਊ ਭਾਸ਼ਣਾਂ ਨੇ ਇਸ ਫਿਰਕੂ ਟਕਰਾਅ ਦਾ ਮਾਹੌਲ ਬਣਾਇਆ। ਅਜਿਹੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਸਵਾਲ ਕਰ ਰਹੀਆਂ ਹਨ ਕਿ ਆਖਰ ਅਕਾਲੀ ਦਲ ਦਾ ਇਸ ਬਾਰੇ ਕੀ ਸਟੈਂਡ ਹੈ।

ਇਸ ਕਰਕੇ ਅਕਾਲੀ ਦਲ ਕਸੂਤਾ ਘਿਰ ਗਿਆ ਹੈ। ਵਿਰੋਧੀ ਧਿਰਾਂ ਤਾਂ ਹਰਸਿਮਰਤ ਬਾਦਲ ਦੇ ਅਸਤੀਫੇ ਦੀ ਵੀ ਮੰਗ ਕਰ ਰਹੀਆਂ ਹਨ ਕਿਉਂਕਿ ਉਹ ਮੋਦੀ ਸਰਕਾਰ ਦੇ ਮੰਤਰੀ ਹਨ। ਅਜਿਹੇ ਵਿੱਚ ਬਾਦਲ ਪਹਿਲੀ ਵਾਰ ਬੀਜੇਪੀ ਨੂੰ ਨਸੀਹਤਾਂ ਦਿੰਦੇ ਨਜ਼ਰ ਆ ਰਹੇ ਹਨ। ਬਾਦਲ ਨੇ ਕਿਹਾ ਹੈ ਕਿ ਸਰਕਾਰ ਚਲਾਉਣ ਲਈ ਸਭ ਦਾ ਭਰੋਸਾ ਜਿੱਤਣਾ ਜ਼ਰੂਰੀ ਹੈ, ਬੇਸ਼ੱਕ ਉਹ ਕੇਂਦਰ ਸਰਕਾਰ ਹੋਵੇ ਜਾਂ ਸੂਬਾ ਸਰਕਾਰ।

ਉਨ੍ਹਾਂ ਭਾਰਤੀ ਸੰਵਿਧਾਨ ਦੀ ਮੂਲ ਭਾਵਨਾ ਨੂੰ ਸਮਝਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ ਅਮਨ, ਸ਼ਾਂਤੀ ਤੇ ਭਾਈਚਾਰਕ ਸਾਂਝ ਬਿਨਾਂ ਅੱਗੇ ਨਹੀਂ ਵਧ ਸਕਦਾ। ਉਨ੍ਹਾਂ ਦਿੱਲੀ ਹਿੰਸਾ ’ਤੇ ਫ਼ਿਕਰਮੰਦੀ ਜ਼ਾਹਰ ਕਰਦਿਆਂ ਕਿਹਾ ਕਿ ਅੱਜ ਦੇਸ਼ ਜਿਨ੍ਹਾਂ ਹਾਲਾਤ ’ਚੋਂ ਲੰਘ ਰਿਹਾ ਹੈ, ਉਨ੍ਹਾਂ ਨੂੰ ਦੇਖਦਿਆਂ ਅਮਨ, ਸ਼ਾਂਤੀ ਤੇ ਭਾਈਚਾਰਾ ਕਾਇਮ ਰੱਖਣ ਦੀ ਲੋੜ ਹੈ।