ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਗ੍ਰਿਫਤਾਰੀ ਦੀਆਂ ਖਬਰਾਂ ਦੇ ਚੱਲਦਿਆਂ ਅੱਜ ਉਨ੍ਹਾਂ ਦੇ ਪਿਤਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖੁਦ ਹੀ ਚੰਡੀਗੜ੍ਹ ਗ੍ਰਿਫਤਾਰੀ ਦੇਣ ਲਈ ਪਹੁੰਚ ਗਏ। ਉਨ੍ਹਾਂ ਨੇ ਕਿਹਾ ਕਿ ਉਹ ਪਤਾ ਲੱਗਦਿਆਂ ਹੀ ਪਿੰਡ ਬਾਦਲ ਤੋਂ ਚੰਡੀਗੜ੍ਹ ਪਹੁੰਚੇ ਹਨ। ਉਨ੍ਹਾਂ ਨੇ ਪੰਜਾਬ ਪੁਲਿਸ ਦੇ ਮੁਖੀ ਦਿਨਕਰ ਗੁਪਤਾ ਨੂੰ ਵੀ ਫੋਨ ਕੀਤਾ ਕਿ ਖੇਚਲ ਕਰਨ ਦੀ ਲੋੜ ਨਹੀਂ ਜਿੱਥੇ ਕਹਿਣਗੇ, ਉੱਥੇ ਹੀ ਆ ਜਾਣਗੇ।

ਬਾਦਲ ਨੇ ਕਿਹਾ ਕਿ ਉਹ ਬੜੀ ਵਾਰ ਜੇਲ੍ਹ ਜਾ ਚੁੱਕੇ ਹਨ। ਇਸ ਲਈ ਕੋਈ ਡਰ-ਭੈਅ ਨਹੀਂ। ਇਸ ਲਈ ਪੂਰਾ ਸਾਮਾਨ ਨਾਲ ਹੀ ਲੈ ਕੇ ਆਏ ਹਨ ਜਿੱਥੇ ਚਾਹੋ ਗ੍ਰਿਫਤਾਰ ਕਰ ਲਓ। ਉਨ੍ਹਾਂ ਕਿਹਾ ਕਿ ਕੱਲ੍ਹ ਤੱਕ ਚੰਡੀਗੜ੍ਹ ਬੈਠ ਕੇ ਗ੍ਰਿਫਤਾਰੀ ਦੀ ਉਡੀਕ ਕਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦਾ ਇੱਕੋ ਨਿਸ਼ਾਨਾ ਬਾਦਲ ਪਰਿਵਾਰ ਨੂੰ ਜੇਲ੍ਹ ਡੱਕਣ ਹੈ।

ਉਨ੍ਹਾਂ ਕਿਹਾ ਕਿ ਇਹ ਸਭ ਕਮਿਸ਼ਨ ਤੇ ਐਸਆਈਟੀ ਉਨ੍ਹਾਂ ਦੀ ਗ੍ਰਿਫਤਾਰੀ ਲਈ ਹੀ ਬਣਾਏ ਗਏ ਹਨ। ਇਸ ਲਈ ਜ਼ਿਆਦਾ ਡਰਾਮਾ ਕਰਨ ਦੀ ਲੋੜ ਨਹੀਂ। ਕੈਪਟਨ ਸਰਕਾਰ ਦਾ ਪੱਕਾ ਇਰਾਦਾ ਸਾਨੂੰ ਜੇਲ੍ਹ ਭੇਜਣ ਦਾ ਹੈ। ਬੁੱਧਵਾਰ ਨੂੰ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਕਰੀਰ ਵੀ ਇਹੀ ਸੰਕੇਤ ਦਿੰਦੀ ਹੈ। ਇਸ ਲਈ ਉਹ ਤਿਆਰ ਹਨ। ਉਨ੍ਹਾਂ ਕਿਹਾ ਕਿ ਖੁਸ਼ੀ ਹੋਏਗੀ ਕਿ ਮੇਰਾ ਆਖਰੀ ਸਾਹ ਕੈਪਟਨ ਦੀ ਜੇਲ੍ਹ ਵਿੱਚ ਹੀ ਨਿਕਲੇ।



ਯਾਦ ਰਹੇ ਬੇਅਦਬੀ ਤੇ ਗੋਲੀ ਕਾਂਡ ਦੀ ਜਾਂਚ ਬਾਦਲ ਪਰਿਵਾਰ ਤੱਕ ਪਹੁੰਚਦੀ ਨਜ਼ਰ ਆ ਰਹੀ ਹੈ। ਇਸ ਲਈ ਚਰਚਾ ਹੈ ਕਿ ਅਗਲੇ ਦਿਨਾਂ ਵਿੱਚ ਸੁਖਬੀਰ ਬਾਦਲ ਦੀ ਗ੍ਰਿਫਤਾਰੀ ਹੋ ਸਕਦੀ ਹੈ। ਬੁੱਧਵਾਰ ਨੂੰ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਖਤ ਤੇਵਰਾਂ ਤੋਂ ਵੀ ਇਹੀ ਅਰਥ ਕੱਢੇ ਜਾ ਰਹੇ ਹਨ।