ਮੁਕਤਸਰ: ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਚੋਣਾਂ 2017 ਲਈ ਟਿਕਟਾਂ ਦੇ ਐਲਾਨ ਮਗਰੋਂ ਉੱਠੀਆਂ ਬਾਗੀ ਸੁਰਾਂ ਬਾਰੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਜਿਨ੍ਹਾਂ ਨੂੰ ਮਿਲੀ ਟਿਕਟ ਉਨ੍ਹਾਂ ਲਈ ਰੱਬ ਤੇ ਜਿਨ੍ਹਾਂ ਨਾ ਮਿਲੀ ਉਨ੍ਹਾਂ ਲਈ ਠੱਗ। ਪਾਰਟੀ ਲੀਡਰਾਂ ਵੱਲੋਂ ਦਿੱਤੇ ਜਾ ਰਹੇ ਅਸਤੀਫਿਆਂ 'ਤੇ ਬੋਲਦਿਆਂ ਬਾਦਲ ਨੇ ਮਜਾਕੀਆ ਅੰਦਾਜ਼ 'ਚ ਕਿਹਾ, "ਸੰਤ ਜੀ ਕਹਿੰਦੇ ਨੇ ਜਿਸ ਨੂੰ ਮੈਂ ਟਿਕਟ ਦੇ ਦਿਆਂ ਤਾਂ ਸੰਤ ਜੀ ਰੱਬ ਹਨ ਤੇ ਜਿਸ ਨੂੰ ਟਿਕਟ ਨਾਂ ਦਿਆਂ ਤਾਂ ਸੰਤ ਜੀ ਠੱਗ।"


1984 ਦੇ ਦਿੱਲੀ ਸਿੱਖ ਵਿਰੋਧੀ ਦੰਗਿਆਂ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਕਾਂਗਰਸ ਲੀਡਰ ਜਗਦੀਸ਼ ਟਾਈਟਲਰ ਤੋਂ ਸੀ.ਬੀ.ਆਈ. ਵੱਲੋਂ ਕੀਤੀ ਪੁੱਛਗਿੱਛ 'ਤੇ ਬਾਦਲ ਨੇ ਵੀ ਹਮਲੇ ਵਿੱਢ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਗੁਨਾਹਗਾਰਾਂ ਨੂੰ ਸਜ਼ਾ ਮਿਲ ਜਾਵੇ ਤਾਂ ਲੋਕਾਂ ਨੂੰ ਭਰੋਸਾ ਮਿਲ ਜਾਵੇਗਾ, ਪਰ ਜੇਕਰ ਸਜ਼ਾ ਨਾ ਮਿਲੀ ਤਾਂ ਲੋਕਾਂ ਦਾ ਗੁੱਸਾ ਹੋਰ ਵਧੇਗਾ ਤੇ ਇਸ ਦੇ ਨਤੀਜੇ ਚੰਗੇ ਨਹੀਂ ਹੋਣਗੇ।

ਨੋਟਬੰਦੀ 'ਤੇ ਬੋਲਦਿਆਂ ਬਾਦਲ ਨੇ ਕਿਹਾ ਕਿ ਲੋਕਾਂ ਨੂੰ ਮੁਸ਼ਕਲਾਂ ਤਾਂ ਹੋਣਗੀਆਂ ਪਰ ਇਸ ਕਦਮ ਨਾਲ ਦੇਸ਼ ਨੂੰ ਫਾਇਦਾ ਪਹੁੰਚੇਗਾ। ਕੋਈ ਵੀ ਨਵਾਂ ਤੇ ਵੱਡਾ ਕਦਮ ਪੁੱਟਣਾ ਹੋਵੇ ਤਾਂ ਕੁਝ ਮੁਸ਼ਕਲਾਂ ਤਾਂ ਹੁੰਦੀਆਂ ਹੀ ਹਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਬਾਦਲ ਸਹਿਕਾਰੀ ਬੈਂਕਾਂ 'ਚ ਪੁਰਾਣੇ 500 ਤੇ 1000 ਦੇ ਨੋਟਾਂ ਨੂੰ ਲੈਣ 'ਤੇ ਲਾਈ ਰੋਕ 'ਤੇ ਕੇਂਦਰੀ ਵਿੱਤ ਮੰਤਰੀ ਨੂੰ ਪੱਤਰ ਲਿਖ ਰਿਆਇਤ ਦੇਣ ਦੀ ਮੰਗ ਕਰ ਚੁੱਕੇ ਹਨ।

ਪਾਕਿਸਤਾਨ ਵੱਲੋਂ ਸੀਜ਼ਫਾਇਰ ਦਾ ਉਲੰਘਣ ਕਰ ਭਾਰਤੀ ਜਵਾਨਾਂ ਨੂੰ ਸ਼ਹੀਦ ਕਰਨ ਦੇ ਮਾਮਲੇ 'ਤੇ ਬੋਲਦਿਆਂ ਬਾਦਲ ਨੇ ਕਿਹਾ ਕਿ ਇਹ ਕੇਂਦਰ ਦਾ ਮਾਮਲਾ ਹੈ। ਸੀ.ਐਮ. ਬਾਦਲ ਨੇ ਮੋਦੀ ਸਰਕਾਰ ਵੱਲੋਂ ਕੀਤੇ ਸਰਜੀਕਲ ਸਟ੍ਰਾਈਕ ਦੀ ਫਿਰ ਤਾਰੀਫ ਕਰਦਿਆਂ ਕਿਹਾ ਕਿ ਇਸ ਨਾਲ ਦੇਸ਼ ਦਾ ਮਾਣ-ਸਨਮਾਣ ਵਧਿਆ ਹੈ। ਇਸ ਨਾਲ ਦੇਸ਼ ਦਾ ਹੌਂਸਲਾ ਵਧਿਆ ਹੈ।