ਮੋਗਾ: ਆਮ ਆਦਮੀ ਪਾਰਟੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਪੀਐਮ ਮੋਦੀ ਬਾਦਲ ਪਰਿਵਾਰ ਦਾ ਕਾਲਾ ਧਨ ਬਾਹਰ ਕਢਵਾਉਣ ਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਪੰਜਾਬ 'ਚ ਸਰਕਾਰ ਬਣਨ ਮਗਰੋਂ ਆਮ ਆਦਮੀ ਪਾਰਟੀ ਇਹ ਕੰਮ ਕਰੇਗੀ।


ਕੇਜਰੀਵਾਲ ਨੇ ਇੱਕ ਰੈਲੀ 'ਚ ਕਿਹਾ, "ਬਾਦਲ ਪਰਿਵਾਰ ਨੇ ਪੰਜਾਬ ਤੇ ਵਿਦੇਸ਼ਾਂ 'ਚ 'ਕਾਲਾ ਧਨ' ਜਮਾਂ ਕਰਵਾ ਰੱਖਿਆ ਹੈ। ਅਸੀਂ ਮੋਦੀ ਨੂੰ 2 ਮਹੀਨੇ ਦਾ ਸਮਾਂ ਦਿੰਦੇ ਹਾਂ ਕਿ ਉਹ ਇਸ ਨੂੰ ਬਾਹਰ ਕਢਵਾਉਣ, ਨਹੀਂ ਤਾਂ ਸਰਕਾਰ ਬਣਨ ਮਗਰੋਂ ਅਸੀਂ ਉਹਨਾਂ ਨੂੰ ਨਹੀਂ ਛੱਡਾਂਗੇ।"

ਉਨ੍ਹਾਂ ਕਿਹਾ ਕਿ ਜੇਕਰ ਮੋਦੀ ਵੱਡੇ ਲੀਡਰਾਂ ਤੇ ਕਾਰੋਬਾਰੀਆਂ ਦੇ 'ਕਾਲੇ ਧਨ' ਨੂੰ ਲਿਆਉਣ ਲਈ ਗੰਭੀਰ ਹਨ ਤਾਂ ਉਨ੍ਹਾਂ ਨੂੰ ਆਪਣੀਆਂ ਏਜੰਸੀਆਂ ਬਾਦਲ ਪਰਿਵਾਰ ਦੇ ਪਿੱਛੇ ਲਗਾਉਣੀਆਂ ਚਾਹੀਦੀਆਂ ਹਨ। ਕੇਜਰੀਵਾਲ ਨੇ ਕਿਹਾ, "ਬਾਦਲ ਪਰਿਵਾਰ ਨੇ 10 ਸਾਲ ਦੇ ਕੁਸ਼ਾਸਨ ਦੌਰਾਨ ਬਹੁਤ 'ਕਾਲਾ ਧਨ' ਕਮਾ ਕੇ ਜਮਾਂ ਕੀਤਾ ਹੈ। ਲਗਭਗ ਸਾਰੇ ਕਾਰੋਬਾਰ ਉਨ੍ਹਾਂ ਦੇ ਕਬਜੇ 'ਚ ਹਨ। ਟਰਾਂਸਪੋਰਟ ਹੋਵੇ, ਕੇਬਲ, ਖਨਨ ਜਾਂ ਸ਼ਰਾਬ, ਸਭ ਤੇ ਉਨ੍ਹਾਂ ਦਾ ਕਬਜਾ ਹੈ।"