ਮੋਗਾ: ਵਿਧਾਨ ਸਭਾ ਚੋਣਾਂ 2017 ਲਈ ਉਮੀਦਵਾਰਾਂ ਦਾ ਐਲਾਨ ਕਰਦਿਆਂ ਹੀ ਅਕਾਲੀ ਦਲ 'ਚ ਬਗਾਵਤੀ ਸੁਰ ਉੱਠਣੇ ਸ਼ੁਰੂ ਹੋ ਚੁੱਕੇ ਹਨ। ਟਿਕਟਾਂ ਕੱਟੇ ਜਾਣ ਤੋਂ ਨਰਾਜ ਅਕਾਲੀ ਵਿਧਾਇਕਾਂ ਵੱਲੋਂ ਪਾਰਟੀ ਛੱਡਣ ਦਾ ਸਿਲਸਲਾ ਜਾਰੀ ਹੈ। ਪਾਰਟੀ ਵੱਲੋਂ ਟਿਕਟ ਨਾ ਦੇਣ ਦੇ ਐਲਾਨ ਤੋਂ ਬਾਅਦ ਬਾਘਾਪੁਰਾਣਾ ਦੇ ਅਕਾਲੀ ਵਿਧਾਇਕ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਨੇ ਆਪਣੇ ਹਮਾਇਤੀਆਂ ਸਮੇਤ ਪਾਰਟੀ ਵਿੱਚੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਮੁਤਾਬਕ ਪਾਰਟੀ ਖਿਲਾਫ ਅਵਾਜ ਚੁੱਕਣ ਤੋਂ ਨਰਾਜ ਅਕਾਲੀ ਸਰਕਾਰ ਨੇ ਉਨ੍ਹਾਂ ਨੂੰ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ ਹੈ।
ਵਿਧਾਇਕ ਮਹੇਸ਼ ਇੰਦਰ ਸਿੰਘ ਮੁਤਾਬਕ ਪਾਰਟੀ 'ਚ ਬਗਾਵਤ ਕਰਨ ਦੇ ਚੱਲਦੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਸਿਲਸਲਾ ਚੱਲ ਰਿਹਾ ਹੈ। ਮਹੇਸ਼ ਇੰਦਰ ਸਿੰਘ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੀ ਰਿਹਾਇਸ਼ ’ਤੇ ਸਥਾਨਕ ਪੁਲੀਸ ਨੇ ਛਾਪੇਮਾਰੀ ਕੀਤੀ ਤੇ ਗੈਂਗਸਟਰਾਂ ਨਾਲ ਸਬੰਧਾਂ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕਰਨ ਦੀ ਧਮਕੀ ਦਿੱਤੀ ਹੈ। ਪੁਲੀਸ ਨੇ ਉਨ੍ਹਾਂ ਨੂੰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਗੱਲਬਾਤ ਕਰਨ ਲਈ ਵੀ ਕਿਹਾ ਤੇ ਸਾਫ਼ ਕਰ ਦਿੱਤਾ ਕਿ ਜੇ ਅਕਾਲੀ ਦਲ ਛੱਡਿਆ ਤਾਂ ਉਨ੍ਹਾਂ ਦਾ ਵੱਡਾ ਨੁਕਸਾਨ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਉਹ ਪਾਰਟੀ ਟਿਕਟ ਕੱਟਣ ਦੇ ਰੋਸ ਵਜੋਂ ਨਹੀਂ, ਸਗੋਂ ਘਰੇ ਪੁਲੀਸ ਭੇਜ ਕੇ ਬੇਇਜ਼ਤ ਕਰਨ ਦੇ ਰੋਸ ਵਜੋਂ ਪਾਰਟੀ ਛੱਡ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਜਲਦ ਆਪਣੀ ਅਗਲੀ ਰਣਨੀਤੀ ਬਾਰੇ ਫ਼ੈਸਲਾ ਲੈਣਗੇ।