ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸਕੂਲ ਸਿੱਖਿਆ ਵਿਭਾਗ ਵਿੱਚ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਦੀਆਂ 6060 ਪੋਸਟਾਂ ਵਿੱਚੋਂ 1500 ਸਮਾਜਿਕ ਸਿੱਖਿਆ ਵਿਸ਼ੇ ਦੇ ਅਧਿਆਪਕਾਂ ਦੀ ਫਾਈਨਲ ਲਿਸਟ ਅਗਲੇ ਦੋ ਦਿਨਾਂ ਵਿੱਚ ਵੈੱਬਸਾਈਟ ਉੱਤੇ ਅਪਲੋਡ ਕਰ ਦਿੱਤੀ ਜਾਵੇਗੀ। ਇਹ ਜਾਣਕਾਰੀ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਫਾਈਨਲ ਲਿਸਟਾਂ ਅਪਲੋਡ ਹੋਣ 'ਤੇ ਹਫ਼ਤੇ ਦੇ ਅੰਦਰ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਜਾਣਗੇ।
ਮੰਤਰੀ ਨੇ ਦੱਸਿਆ ਕਿ ਵਿਦਿਆਰਥੀ ਵੱਲੋਂ ਕੋਰਟ ਵਿੱਚ ਕੁਝ ਸਵਾਲਾਂ ਉੱਤੇ ਰਿੱਟ ਪਾਉਣ ਕਾਰਨ ਭਰਤੀ ਪ੍ਰਕ੍ਰਿਆ ਲੇਟ ਹੋਈ ਹੈ ਪਰ ਹੁਣ ਕੋਰਟ ਵਿੱਚ ਮਾਮਲਾ ਹੱਲ ਹੋ ਗਿਆ ਹੈ। ਅਗਲੇ ਦੋ ਦਿਨਾਂ ਵਿੱਚ ਫਾਈਨਲ ਲਿਸਟ ਪਾ ਦਿੱਤੀ ਜਾਵੇਗੀ। ਉਨ੍ਹਾਂ ਨੇ 23 ਤਰੀਕ ਨੂੰ ਵਿਦਿਆਰਥੀਆਂ ਦੇ ਸਿੱਖਿਆ ਵਿਭਾਗ ਦੇ ਘਿਰਾਓ ਦੀ ਚਿਤਾਵਨੀ ਵਿਦਿਆਰਥੀਆਂ ਦਾ ਪ੍ਰੋਪੇਗੰਡਾ ਦੱਸਿਆ ਹੈ।
ਦੂਜੇ ਪਾਸੇ ਬੇਰੁਜ਼ਗਾਰ ਬੀ.ਐਡ ਅਧਿਆਪਕ ਯੂਨੀਅਨ ਨੇ ਆਗੂ ਅਮਨਿੰਦਰ ਸਿੰਘ ਕੁਠਾਲਾ ਨੇ ਕਿਹਾ ਚਿਤਾਵਨੀ ਦੇਣ ਦੇ ਬਾਵਜੂਦ ਮੈਰਿਟ ਨਿਯੁਕਤੀ ਪੱਤਰ ਨਾ ਦੇਣ ਕਾਰਨ 23 ਨਵੰਬਰ ਨੂੰ ਪੰਜਾਬ ਭਰ ਵਿੱਚੋਂ ਸੈਂਕੜੇ ਅਧਿਆਪਕ ਪਰਿਵਾਰਾਂ ਸਮੇਤ ਮੁਹਾਲੀ ਦੇ ਡੀ.ਜੀ.ਐਸ.ਈ. ਦਫ਼ਤਰ ਦਾ ਘਿਰਾਓ ਕਰਨਗੇ ਤੇ ਜਿੰਨਾ ਚਿਰ ਨਿਯੁਕਤੀ ਪੱਤਰ ਨਹੀਂ ਦੇਣਗੇ, ਉਹ ਉੱਠਣਗੇ ਨਹੀਂ। ਉਨ੍ਹਾਂ ਕਿਹਾ ਕਿ ਭਰਤੀ ਬੋਰਡ ਉਨ੍ਹਾਂ ਨੂੰ ਭਰਤੀ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਦੇ ਰਿਹਾ। ਸਿੱਖਿਆ ਵਿਭਾਗ ਨਵੇਂ-ਨਵੇਂ ਬਹਾਨੇ ਬਣਾ ਕੇ ਜਾਣ-ਬੁਝ ਕੇ ਭਰਤੀ ਪ੍ਰਕ੍ਰਿਆ ਨੂੰ ਟਾਲ ਮਟੋਲ ਕਰ ਰਿਹਾ ਹੈ।
ਇਸ ਬਾਰੇ ਜਦੋਂ ਭਰਤੀ ਬੋਰਡ ਦੇ ਮੁਖੀ ਡਿਪਟੀ ਡਾਇਰੈਕਟਰ ਜਰਨੈਲ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਫ਼ੋਨ ਨਹੀਂ ਚੁੱਕਿਆ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸਕੂਲ ਸਿੱਖਿਆ ਵਿਭਾਗ ਵਿੱਚ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਦੀਆਂ 6060 ਪੋਸਟਾਂ ਕੱਢੀਆਂ ਗਈਆਂ ਸਨ ਜਿਨ੍ਹਾਂ ਵਿੱਚ ਬਾਕੀ ਵਿਸ਼ਿਆਂ ਦੇ ਯੋਗ ਅਧਿਆਪਕਾਂ ਦੀ ਤਾਂ ਨਿਯੁਕਤੀ ਪੱਤਰ ਦੇ ਕੇ ਸਟੇਸ਼ਨ ਅਲਾਟ ਕਰ ਦਿੱਤੇ ਗਏ ਸਨ ਪਰ ਸਮਾਜਿਕ ਸਿੱਖਿਆ ਦੇ ਯੋਗ ਅਧਿਆਪਕਾਂ ਨੂੰ ਹਾਲੇ ਤੱਕ ਨਿਯੁਕਤੀ ਨਹੀਂ ਕੀਤਾ ਗਿਆ।