ਲੁਧਿਆਣਾ: ਮੋਦੀ ਸਰਕਾਰ ਦੀ ਨੋਟਬੰਦੀ ਦੇ ਕਈ ਸਾਈਡਫੈਕਟ ਵੀ ਸਾਹਮਣੇ ਆਏ ਹਨ। ਇਸ ਨੋਟਬੰਦੀ ਦੇ ਚੱਲਦੇ ਬਣੇ ਹਲਾਤਾਂ ਦਾ ਫਾਇਦਾ ਚੁੱਕਦਿਆਂ ਏਟੀਐਮ 'ਚ ਪੈਸਾ ਪਾਉਣ ਵਾਲੀ ਕੰਪਨੀ ਦੇ ਕਰਮਚਾਰੀਆਂ ਨੇ ਕਰੀਬ 4 ਕਰੋੜ ਰੁਪਏ ਦਾ ਘੋਟਾਲਾ ਕਰ ਦਿੱਤਾ। ਖਬਰ ਲੁਧਿਆਣਾ ਤੋਂ ਹੈ। ਜਿੱਥੇ ਸਟੇਟ ਬੈਂਕ ਆਫ ਇੰਡੀਆ ਦੇ ਏਟੀਐਮ 'ਚੋਂ ਇਸ ਗੜਬੜ ਘੋਟਾਲੇ ਨੂੰ ਅੰਜਾਮ ਦਿੱਤਾ ਗਿਆ ਹੈ। ਫਿਲਹਾਲ ਇਸ ਗਿਰੋਹ ਦੇ 2 ਮੈਂਬਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।


ਪੁਲਿਸ ਮੁਤਾਬਕ ਇਸ ਗਿਰੋਹ ਦੇ ਮੈਂਬਰ ਏਟੀਐਮ 'ਚ ਪੈਸਾ ਪਾਉਣ ਵਾਲੀ ਕੰਪਨੀ ਦੇ ਮੁਲਾਜਮ ਹਨ। ਇਹ ਏਟੀਐਮ 'ਚ ਪੈਸੇ ਪਾਉਣ ਸਮੇਂ ਲੱਖਾਂ ਰੁਪਏ ਦੀ ਨਕਦੀ ਉਡਾ ਲੈਂਦੇ ਸਨ। ਇਹ ਇੰਨੇ ਸ਼ਾਤਿਰ ਸਨ ਕਿ ਤਿਮਾਹੀ ਆਡਿਟ ਤੋਂ ਪਹਿਲਾਂ ਏਟੀਐਮ ਦੇ ਸ਼ਾਰਟ ਕੈਸ਼ ਨੂੰ ਪੂਰਾ ਕਰ ਦਿੰਦੇ ਤੇ ਆਡਿਟ ਮਗਰੋਂ ਫਿਰ ਉਡਾ ਲੈਂਦੇ ਸਨ। ਹਾਲਾਂਕਿ ਇਹਨਾਂ ਦਾ ਇਹ ਗੋਰਖਧੰਦਾ ਕਕਰੀਬ 6-7 ਸਾਲ ਤੋਂ ਚੱਲਦਾ ਦੱਸਿਆ ਜਾ ਰਿਹਾ ਹੈ। ਪਰ ਇੰਨਾਂ ਨੇ ਨੋਟਬੰਦੀ ਤੋਂ ਬਾਅਦ ਬੈਂਕ ਦੇ ਏਟੀਐਮ ਤੋਂ ਉਡਾਇਆ ਕਰੀਬ 60 ਲੱਖ ਰੁਪਿਆ ਬੈਂਕ ਕੋਲ ਜਮਾਂ ਹੀ ਨਹੀਂ ਕਰਵਾਇਆ।

ਕੈਸ਼ ਉਡਾਉਣ ਤੋਂ ਬਾਅਦ ਇਹ ਲੋਕ ਫਰਾਰ ਹੋ ਗਏ। ਅਜਿਹੇ 'ਚ ਜਦ ਜਾਂਚ ਸ਼ੁਰੂ ਹੋਈ ਤਾਂ ਪੂਰੇ ਘੋਟਾਲੇ ਤੋਂ ਪਰਦਾ ਉੱਠਿਆ। ਪੁਲਿਸ ਨੇ ਤੇਜੀ ਨਾਲ ਜਾਂਚ ਕਰ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ। ਫਿਲਹਾਲ ਇਹਨਾਂ ਤੋਂ ਪੁੱਛਗਿੱਛ ਜਾਰੀ ਹੈ।