ਜਲੰਧਰ: ਅਵਾਜ-ਏ-ਪੰਜਾਬ ਫਰੰਟ ਤੋਂ ਵੱਖ ਹੋ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰਨ ਤੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਪ੍ਰਗਟ ਸਿੰਘ ਨੇ ਬੈਂਸ ਭਰਾਵਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ। ਪਰ ਇਸ ਦੇ ਨਾਲ ਹੀ ਬਿਨਾਂ ਦੱਸੇ ਵੱਖ ਹੋਣ ਦੇ ਚੱਲਦੇ ਰੋਸ ਵੀ ਜਤਾਇਆ ਹੈ। ਪ੍ਰਗਟ ਸਿੰਘ ਨੇ ਕਿਹਾ ਕਿ 'ਜੇਕਰ ਦੱਸ ਕੇ ਚਲੇ ਜਾਂਦੇ ਤਾਂ ਚੰਗਾ ਹੁੰਦਾ, ਪਰ ਜੇ ਦੱਸ ਕੇ ਨਹੀਂ ਵੀ ਗਏ ਤਾਂ ਕੋਈ ਅਫਸੋਸ ਨਹੀਂ ਹੈ।'
ਪ੍ਰਗਟ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਅਸੀਂ ਇਕੱਠੇ ਮਿਲ ਕੇ ਫਰੰਟ ਬਣਾਇਆ ਸੀ, ਬੈਂਸ ਚਲੇ ਗਏ, ਕੋਈ ਗੱਲ ਨਹੀ। ਕੱਲ੍ਹ ਮੈਂ ਦਿੱਲੀ 'ਚ ਨਵਜੋਤ ਸਿੱਧੂ ਨਾਲ ਮੀਟਿੰਗ ਕਰਨ ਮਗਰੋਂ ਆਪਣੇ ਬਾਰੇ ਕੁੱਝ ਕਹਾਂਗਾ।
ਦਰਅਸਲ ਲੁਧਿਆਣਾ ਤੋਂ ਆਜ਼ਾਦ ਵਿਧਾਇਕ ਬੈਂਸ ਭਰਾਵਾਂ ਨੇ ਕੱਲ੍ਹ ਸਾਬਕਾ ਸਾਂਸਦ ਨਵਜੋਤ ਸਿੱਧੂ ਤੇ ਪ੍ਰਗਟ ਸਿੰਘ ਦਾ ਸਾਥ ਛੱਡ ਕੇ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰ ਲਿਆ ਹੈ। ‘ਆਪ’ ਨੇ ਬੈਂਸ ਭਰਾਵਾਂ ਨੂੰ ਪੰਜ ਸੀਟਾਂ ਦਿੱਤੀਆਂ ਹਨ। ਲੁਧਿਆਣਾ ਦੀਆਂ ਦੋ ਸੀਟਾਂ ‘ਤੇ ਬੈਂਸ ਭਰਾ ਖੁਦ ਚੋਣ ਲੜਨਗੇ ਜਦੋਂਕਿ ਤਿੰਨ ਹਾਰ ਸੀਟਾਂ ਤੋਂ ਉਨ੍ਹਾਂ ਦੇ ਹਮਾਇਤੀ ਚੋਣ ਲੜਨਗੇ। ਚੰਡੀਗੜ੍ਹ ਵਿੱਚ ‘ਆਪ’ ਲੀਡਰਾਂ ਤੇ ਬੈਂਸ ਭਰਾਵਾਂ ਦੀ ਸਾਂਝੀ ਪ੍ਰੈੱਸ ਕਾਨਫਰੰਸ ‘ਚ ਇਸ ਦਾ ਰਸਮੀ ਐਲਾਨ ਕੀਤਾ ਗਿਆ ਸੀ।


ਇਸ ਤੋਂ ਪਹਿਲਾਂ ਬੈਂਸ ਭਰਾਵਾਂ, ਨਵਜੋਤ ਸਿੰਘ ਸਿੱਧੂ ਤੇ ਪ੍ਰਗਟ ਸਿੰਘ ਨੇ ਆਵਾਜ-ਏ-ਪੰਜਾਬ ਫਰੰਟ ਬਣਾਇਆ ਸੀ ਪਰ ਇਹ ਫਰੰਟ ਚੋਣਾਂ ਤੋਂ ਪਹਿਲਾਂ ਹੀ ਖਿੱਲਰ ਗਿਆ ਹੈ। ਸੂਤਰਾਂ ਮੁਤਾਬਕ ਨਵਜੋਤ ਸਿੰਘ ਸਿੱਧੂ ਤੇ ਪਰਗਟ ਸਿੰਘ ਕਾਂਗਰਸ ਵਿੱਚ ਜਾ ਸਕਦੇ ਹਨ।