ਚੰਡੀਗੜ੍ਹ: ਸਿੱਖ ਇਤਿਹਾਸ 'ਚ ਉੱਚਾ ਕੱਦ ਰੱਖਣ ਵਾਲੀ ਪੰਥ ਦੀ ਮਹਾਨ ਸ਼ਖਸੀਅਤ ਮਾਸਟਰ ਤਾਰਾ ਸਿੰਘ ਜੀ ਦੀ ਅੱਜ 49ਵੀਂ ਬਰਸੀ ਹੈ। ਮਾਸਟਰ ਤਾਰਾ ਸਿੰਘ ਜੀ ਦੀ ਸਿੱਖ ਕੌਮ ਲਈ ਦੇਣ ਬੜੀ ਹੀ ਵਡਮੁੱਲੀ ਹੈ। ਕਿੱਤੇ ਵਜੋਂ ਅਧਿਆਪਕ ਹੋਣ ਕਰਕੇ ਉਨ੍ਹਾਂ ਦੇ ਨਾਂ ਨਾਲ ਮਾਸਟਰ ਜੁੜ ਗਿਆ। ਸਕੂਲ 'ਚ ਲਗਨ ਨਾਲ ਪੜਾਉਣ ਸਦਕਾ ਮਾਸਟਰ ਜੀ ਦਾ ਕੱਲਰ ਖ਼ਾਲਸਾ ਹਾਈ ਸਕੂਲ, ਰਾਵਲਪਿੰਡੀ ਮੋਹਰੀ ਸਕੂਲਾਂ ਦੀ ਕਤਾਰ 'ਚ ਆ ਗਿਆ ਸੀ। ਉਸ ਵਕਤ ਮਾਸਟਰ ਜੀ ਨਾਲ ਲਾਲ ਸਿੰਘ ਕਮਲਾ ਅਕਾਲੀ, ਗਿਆਨੀ ਗੁਰਮੁੱਖ ਸਿੰਘ ਮੁਸਾਫ਼ਿਰ, ਗਿਆਨੀ ਹੀਰਾ ਸਿੰਘ ਦਰਦ ਅਤੇ ਮਾਸਟਰ ਸੁਜਾਨ ਸਿੰਘ ਜੀ ਸਰਹਾਲੀ ਵੀ ਕੰਮ ਕਰਦੇ ਸਨ।
ਅਧਿਆਪਕ ਦੀ ਨੌਕਰੀ ਛੱਡ ਕੇ ਮਾਸਟਰ ਜੀ ਨੇ ਆੜਤ ਵੀ ਕੀਤੀ ਪਰ ਮਨ ਨਾ ਲੱਗਿਆ ਤੇ ਮੁੜ ਲਾਇਲਪੁਰ ਚਲੇ ਗਏ। ਉਸ ਤੋਂ ਬਾਅਦ ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ ਹੋ ਜਾਣ ਕਰਕੇ ਮਾਸਟਰ ਤਾਰਾ ਸਿੰਘ ਜੀ ਅੰਮ੍ਰਿਤਸਰ ਆ ਗਏ ਅਤੇ ਉਸ ਵਕਤ ਦੀ ਚਰਚਿਤ ਅਖ਼ਬਾਰ 'ਅਕਾਲੀ' ਦੇ ਸੰਪਾਦਕ ਬਣ ਗਏ। ਇਸ ਖ਼ੂਨੀ ਸਾਕੇ ਕਾਰਨ ਸਿੱਖ ਭਾਈਚਾਰੇ ਵਿੱਚ ਗੁੱਸੇ ਦੀ ਅੱਗ ਭੜਕ ਪਈ ਅਤੇ ਸਿੱਖ ਆਗੂਆਂ ਨੇ ਨਿਰਣਾ ਲਿਆ ਕਿ ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ੇ ਤੋਂ ਆਜ਼ਾਦ  ਕਰਵਾਉਣਾ ਚਾਹੀਦਾ ਹੈ। ਜਦੋਂ ਬਾਬਾ ਖੜਕ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਤਾਂ ਮਾਸਟਰ ਤਾਰਾ ਸਿੰਘ ਜੀ ਨੂੰ ਇਸ ਕਮੇਟੀ ਦਾ ਸਕੱਤਰ ਬਣਾਇਆ ਗਿਆ। ਇਸ ਕਮੇਟੀ ਵਿੱਚ ਅੰਗਰੇਜ਼ ਸਰਕਾਰ ਦੇ ਨਾਲ ਨਾ-ਮਿਲਵਰਤਣ ਮਤਾ ਪਾਸ ਕੀਤਾ ਗਿਆ, ਮਤਾ ਪਾਸ ਹੋਣ ਨਾਲ ਅਕਾਲੀਆਂ ਅਤੇ ਅੰਗਰੇਜ਼ਾਂ ਦਾ ਸਿੱਧਾ ਮੁਕਾਬਲਾ ਹੋ ਗਿਆ।


ਮਾਸਟਰ ਜੀ ਨੇ ਅੰਮ੍ਰਿਤਸਰ ਦਫ਼ਤਰ ਵਿੱਚ ਰਹਿ ਕੇ ਪੰਥ ਦੀ ਚੜ੍ਹਦੀਕਲਾ ਲਈ ਦਿਨ-ਰਾਤ ਇੱਕ ਕਰ ਕੇ ਕੰਮ ਕਰਨਾ ਆਰੰਭ ਕਰ ਦਿੱਤਾ। ਪ੍ਰੋ. ਨਿਰੰਜਨ ਸਿੰਘ ਦੇ ਸਹਿਯੋਗ ਸਦਕਾ ਉਨ੍ਹਾਂ ਬਹੁਤ ਸਾਰੇ ਇਸ਼ਤਿਹਾਰ, ਪੈਫ਼ਲਟ ਤੇ ਟਰੈਕਟ ਲਿਖ ਕੇ ਦੂਰ-ਦੂਰਾਡੇ ਭੇਜੇ ਜਿਸ ਨਾਲ ਕੌਮ ਵਿੱਚ ਇੱਕ ਜਾਗ੍ਰਿਤੀ ਪੈਦਾ ਹੋ ਗਈ। ਪੰਥ ਵਿੱਚ ਆਈ ਜਾਗ੍ਰਿਤੀ ਕਾਰਨ ਸਭ ਤੋਂ ਪਹਿਲਾਂ ਚਾਬੀਆਂ ਦਾ ਮੋਰਚਾ ਲੱਗਿਆ। ਇਸ ਮੋਰਚੇ ਵਿੱਚ ਬਾਬਾ ਖੜਕ ਸਿੰਘ ਅਤੇ ਮਾਸਟਰ ਤਾਰਾ ਸਿੰਘ ਜੀ ਨੇ ਗ੍ਰਿਫ਼ਾਤਰੀ ਦਿੱਤੀ। ਇਸ ਮੋਰਚੇ ਦੀ ਜਿੱਤ ਤੋਂ ਬਾਅਦ 'ਗੁਰੂ ਕੇ ਬਾਗ਼' ਅਤੇ 'ਜੈਤੋਂ' ਦਾ ਮੋਰਚਾ ਲੱਗਿਆ। ਇਨ੍ਹਾਂ ਮੋਰਚਿਆਂ ਵਿੱਚ ਸ਼ਾਮਲ ਜਥਿਆਂ 'ਤੇ ਬੇਰਹਿਮੀ ਨਾਲ ਲਾਠੀਚਾਰਜ ਕੀਤਾ ਗਿਆ ਅਤੇ ਸ਼੍ਰੋਮਣੀ ਕਮੇਟੀ ਨੂੰ ਕਾਨੂੰਨ ਵਿਰੋਧੀ ਕਰਾਰ ਦਿੱਤਾ ਗਿਆ। ਕਮੇਟੀ ਦੇ ਅੰਤ੍ਰਿਗ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਉਪਰ ਮੁਕੱਦਮਾ ਚਲਾਇਆ ਗਿਆ।

ਇਨ੍ਹਾਂ ਗ੍ਰਿਫ਼ਤਾਰ ਮੈਂਬਰਾਂ ਵਿੱਚ ਮਾਸਟਰ ਤਾਰਾ ਸਿੰਘ ਵੀ ਸ਼ਾਮਲ ਸਨ। ਸਿੱਖੀ ਸਿਧਾਂਤਾਂ ਦੀ ਪਹਿਰੇਦਾਰੀ ਕਰਦਿਆਂ ਮਾਸਟਰ ਤਾਰਾ ਸਿੰਘ ਨੇ ਕਈ ਵਾਰ ਜੇਲਾਂ ਵੀ ਕੱਟੀਆਂ। ਮਾਸਟਰ ਤਾਰਾ ਸਿੰਘ ਦਾ ਨਾਂ ਕੌਮ ਦੇ ਚੋਣਵੇਂ ਰਾਹ ਦਸੇਰਿਆਂ ਵਿੱਚ ਸ਼ਾਮਿਲ ਹੈ। ਪੰਥ ਲਈ ਮਰ-ਮਿਟਣ ਦੀ ਭਾਵਨਾ ਰੱਖਣ ਵਾਲਾ ਇਹ ਅਨਮੋਲ ਰਤਨ 22 ਨਵੰਬਰ 1967 ਨੂੰ ਕੌਮ ਨੂੰ ਆਪਣੀ ਆਖਰੀ ਫ਼ਤਿਹ ਬੁਲਾ ਗਿਆ।