ਅੰਮ੍ਰਿਤਸਰ: ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੁੱਲਾਂ ਬਖਸ਼ਾਉਣ ਪਹੁੰਚੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬੇਹੱਦ ਨਰਮ ਨਜ਼ਰ ਆਏ। ਉਨ੍ਹਾਂ ਨੇ ਆਪਣੇ ਵਿਰੋਧੀਆਂ ਨੂੰ ਵੀ ਮਹਾਨ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜੋ ਵੀ ਉਨ੍ਹਾਂ ਉੱਪਰ ਨਿਸ਼ਾਨੇ ਲਾ ਰਹੇ ਹਨ, ਉਹ ਸਾਰੇ ਮਹਾਨ ਹਨ। ਉਨ੍ਹਾਂ ਕਿਹਾ ਕਿ ਉਹ ਦੋ ਦਿਨ ਸਿਰਫ਼ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰਨਗੇ। ਸਿਆਸੀ ਗੱਲਬਾਤ ਕੋਈ ਵੀ ਨਹੀਂ ਕਰਨਗੇ। ਦੋ ਦਿਨਾਂ ਬਾਅਦ ਉਹ ਸਾਰੀ ਸਥਿਤੀ ਸਪਸ਼ਟ ਕਰਨਗੇ।
ਇਸ ਮੌਕੇ ਅਕਾਲੀ ਦਲ ਦੇ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਗੁਰੂ ਬਖਸ਼ਣਹਾਰ ਹੈ ਤੇ ਕੰਮ ਕਰਦਿਆਂ ਜੇ ਕੋਈ ਗ਼ਲਤੀ ਹੋ ਗਈ ਹੋਵੇ ਤਾਂ ਗੁਰੂ ਆਪਣੇ ਆਪ ਹੀ ਉਨ੍ਹਾਂ ਨੂੰ ਮਾਫ ਕਰ ਦਿੰਦੇ ਹਨ। ਚੰਦੂਮਾਜਰਾ ਨੇ ਕਿਹਾ ਕਿ ਭੁੱਲਾਂ ਬਖਸ਼ਾਉਣ ਬਾਰੇ ਪਾਰਟੀ ਦਾ ਫੈਸਲਾ ਸੀ।
ਕਾਂਗਰਸ ਵੱਲੋਂ ਇਸ ਮੁਆਫ਼ੀ 'ਤੇ ਚੁੱਕੇ ਸਵਾਲ ਬਾਰੇ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਨੂੰ ਸਾਡੇ ਉਪਰ ਸਵਾਲ ਚੁੱਕਣ ਦਾ ਕੋਈ ਅਧਿਕਾਰ ਨਹੀਂ ਕਿਉਂਕਿ ਕਾਂਗਰਸ ਨੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਹੈ। ਟਕਸਾਲੀ ਅਕਾਲੀ ਆਗੂਆਂ ਵੱਲੋਂ ਕੀਤੀ ਨੁਕਤਾਚੀਨੀ ਬਾਰੇ ਚੰਦੂਮਾਜਰਾ ਨੇ ਸਵਾਲਾਂ ਦਾ ਗੋਲਮੋਲ ਜਵਾਬ ਦਿੱਤਾ।