ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਢੀਂਡਸਾ ਪਰਿਵਾਰ 'ਤੇ ਸਿੱਧਾ ਹੱਲਾ ਬੋਲਦਿਆਂ ਪੱਕੀ ਲਕੀਰ ਖਿੱਚ ਦਿੱਤੀ ਹੈ। ਹੁਣ ਮਾਲਵੇ ਵਿੱਚ ਬਾਦਲ ਪਰਿਵਾਰ ਤੇ ਢੀਂਡਸਾ ਪਰਿਵਾਰ ਦੀ ਸਿੱਧੀ ਜੰਗ ਸ਼ੁਰੂ ਹੋ ਗਈ ਹੈ। ਬੇਸ਼ੱਕ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ ਬਾਦਲ ਪਰਿਵਾਰ ਦੇ ਹੱਥ ਹੈ ਪਰ ਢੀਂਡਸਾ ਪਰਿਵਾਰ ਦੀ ਚੁਣੌਤੀ ਪਹਿਲਾਂ ਹੀ ਸੰਕਟ ਵਿੱਚ ਘਿਰੀ ਪਾਰਟੀ ਲਈ ਖਤਰੇ ਦੀ ਘੰਟੀ ਸਾਬਤ ਹੋ ਸਕਦੀ ਹੈ।


ਦਿਲਚਸਪ ਹੈ ਕਿ ਅਕਾਲੀ ਦਲ ਨੇ ਐਤਵਾਰ ਨੂੰ ਢੀਂਡਸਾ ਦੇ ਗੜ੍ਹ ਸੰਗਰੂਰ ਵਿੱਚ ਕਾਂਗਰਸ ਖ਼ਿਲਾਫ਼ ਹੱਲਾ ਬੋਲ ਰੈਲੀ ਕੀਤੀ ਪਰ ਨਿਸ਼ਾਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬਜਾਏ ਢੀਂਡਸਾ ਪਰਿਵਾਰ 'ਤੇ ਹੀ ਲਾਏ। ਰੈਲੀ ਵਿੱਚ ਲੰਮੇ ਸਮੇਂ ਮਗਰੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਪਹੁੰਚੇ। ਉਹ ਵੀ ਢੀਂਡਸਾ ਪਰਿਵਾਰ 'ਤੇ ਖੂਬ ਵਰ੍ਹੇ। ਉਂਝ ਉਨ੍ਹਾਂ ਦੀ ਸੁਰ ਸੁਖਬੀਰ ਬਾਦਲ ਜਿੰਨੀ ਤਿੱਖੀ ਨਹੀਂ ਸੀ। ਵੱਡੇ ਬਾਦਲ ਅੱਧੇ ਘੰਟੇ ਦੇ ਭਾਸ਼ਨ ਦੌਰਾਨ ਸਿਰਫ਼ ਪੰਜ ਮਿੰਟ ਹੀ ਢੀਂਡਸਾ ਖ਼ਿਲਾਫ਼ ਬੋਲੇ ਜਦਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ 26 ਮਿੰਟ ਦੇ ਭਾਸ਼ਣ ਦੌਰਾਨ ਕਰੀਬ 20 ਮਿੰਟ ਸੁਖਦੇਵ ਸਿੰਘ ਢੀਂਡਸਾ ’ਤੇ ਹੀ ਸ਼ਬਦੀ ਹੱਲਾ ਬੋਲਿਆ।

ਸੁਖਬੀਰ ਬਾਦਲ ਨੇ ਢੀਂਡਸਾ ਨੂੰ ‘ਗੱਦਾਰ’ ਤੇ ‘ਤਾਨਾਸ਼ਾਹ’ ਕਰਾਰ ਦਿੱਤਾ। ਉਨ੍ਹਾਂ ਨੇ ਐਤਵਾਰ ਦੇ ਇਕੱਠ ਨੂੰ ਢੀਂਡਸਾ ਪਰਿਵਾਰ ਦਾ ‘ਭੋਗ ਤੇ ਅੰਤਿਮ ਅਰਦਾਸ’ ਕਰਾਰ ਦਿੱਤਾ। ਰੈਲੀ ਦੌਰਾਨ ਸਿਰਫ਼ ਪ੍ਰਕਾਸ਼ ਸਿੰਘ ਬਾਦਲ ਤੇ ਪ੍ਰੇਮ ਸਿੰਘ ਚੰਦੂਮਾਜਰਾ ਦੀ ਤਕਰੀਰ ਹੀ ਜ਼ਿਆਦਾਤਰ ਕਾਂਗਰਸ ਸਰਕਾਰ ਖ਼ਿਲਾਫ਼ ਸੀ ਜਦਕਿ ਬਾਕੀ ਸਾਰੇ ਬੁਲਾਰਿਆਂ ਨੇ ਸੁਖਦੇਵ ਤੇ ਪਰਮਿੰਦਰ ਢੀਂਡਸਾ ਨੂੰ ਹੀ ਘੇਰਿਆ।

ਸੁਖਬੀਰ ਬਾਦਲ ਨੇ ਕਿਹਾ ਕਿ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਉਨ੍ਹਾਂ ਨੂੰ ਤਾਨਾਸ਼ਾਹ ਦੱਸਦੇ ਹਨ ਜਦਕਿ ਖ਼ੁਦ ਉਨ੍ਹਾਂ ਆਪਣੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਮਰਜ਼ੀ ਅਨੁਸਾਰ ਫ਼ੈਸਲਾ ਨਹੀਂ ਲੈਣ ਦਿੱਤਾ। ਪਰਮਿੰਦਰ ’ਤੇ ਦਬਾਅ ਪਾਇਆ ਕਿ ਜੇਕਰ ਉਹ ਪਿਤਾ ਨਾਲ ਨਾ ਚੱਲਿਆ ਤਾਂ ਉਸ ਨੂੰ ਬੇਦਖ਼ਲ ਕਰ ਦਿੱਤਾ ਜਾਵੇਗਾ। ਬਾਦਲ ਨੇ ਕਿਹਾ ਕਿ ਪਾਰਟੀ ਲਈ ਕੁਰਬਾਨੀ ਢੀਂਡਸਾ ਨੇ ਨਹੀਂ ਸਗੋਂ ਪਾਰਟੀ ਨੇ ਢੀਂਡਸਾ ਲਈ ਵੱਡੀ ਕੁਰਬਾਨੀ ਦਿੱਤੀ ਹੈ। ਪਿਛਲੇ 30 ਸਾਲਾਂ ’ਚ ਚੋਣਾਂ ਹਾਰਨ ਦੇ ਬਾਵਜੂਦ ਰਾਜ ਸਭਾ ਮੈਂਬਰ ਤੇ ਹੋਰ ਅਹੁਦੇ ਦੇ ਕੇ ਉਨ੍ਹਾਂ ਨੂੰ ਨਿਵਾਜਿਆ ਗਿਆ।