ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਇਸ ਵਾਰ ਸਿਰਫ ਆਪਣੇ ਨੂੰਹ ਤੇ ਪੁੱਤ ਦੀ ਬੇੜੀ ਬੰਨ੍ਹੇ ਲਾਉਣ ਲਈ ਵਾਹ ਲਾਉਣਗੇ। ਉਹ ਪੰਜਾਬ ਦੇ ਬਾਕੀ ਉਮੀਦਵਾਰਾਂ ਲਈ ਚੋਣ ਪ੍ਰਚਾਰ ਨਹੀਂ ਕਰਨਗੇ। ਉਮੀਦ ਸੀ ਕਿ ਪਾਰਟੀ ਨੂੰ ਸੰਕਟ ਵਿੱਚੋਂ ਕੱਢਣ ਲਈ ਉਹ ਖੁਦ ਲੋਕ ਸਭਾ ਚੋਣਾਂ ਵਿੱਚ ਅਹਿਮ ਭੂਮਿਕਾ ਨਿਭਾਉਣਗੇ ਪਰ ਸਿਹਤ ਦੇ ਮੱਦੇਨਜ਼ਰ ਉਹ ਆਪਣੀਆਂ ਸਰਗਰਮੀਆਂ ਬਠਿੰਡਾ ਤੇ ਫਿਰੋਜ਼ਪੁਰ ਤੱਕ ਹੀ ਸੀਮਤ ਰੱਖਣਗੇ।
ਦੱਸ ਦਈਏ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਸਭ ਤੋਂ ਵੱਡੀ ਹਾਰ ਮਗਰੋਂ ਬਾਦਲ ਨੇ ਆਪਣੀਆਂ ਸਿਆਸੀ ਸਰਗਰਮੀਆਂ ਬੰਦ ਕਰ ਦਿੱਤੀਆਂ ਸੀ। ਉਨ੍ਹਾਂ ਨੇ ਆਪਣੇ ਹਲਕੇ ਤੋਂ ਬਾਹਰ ਜਾਣਾ ਵੀ ਬੰਦ ਕਰ ਦਿੱਤਾ ਸੀ। ਇਸ ਮਗਰੋਂ ਬੇਅਦਬੀ ਤੇ ਗੋਲੀ ਕਾਂਡ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਘਿਰਨ ਮਗਰੋਂ ਉਹ ਆਪਣੇ ਪੁੱਤਰ ਸੁਖਬੀਰ ਬਾਦਲ ਦਾ ਸਾਥ ਦੇਣ ਮੁੜ ਸਰਗਰਮ ਹੋਏ ਸੀ। ਉਨ੍ਹਾਂ ਨੇ ਬਾਕਾਇਦਾ ਮੀਟਿੰਗਾਂ ਕੀਤੀਆਂ ਤੇ ਮੀਡੀਆ ਨੂੰ ਮੁਖਾਤਬ ਹੋਏ।
ਦਰਅਸਲ ਹੁਣ ਤੱਕ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦੇ ਸੰਕਟ ਮੋਚਨ ਬਾਦਲ ਨੂੰ ਹੀ ਸਮਝਿਆ ਜਾਂਦਾ ਸੀ। ਉਹ ਵਢੇਰੀ ਉਮਰ ਹੋਣ ਦੇ ਬਾਵਜੂਦ ਪੂਰੇ ਪੰਜਾਬ ਵਿੱਚ ਪ੍ਰਚਾਰ ਕਰਦੇ ਸੀ। ਇਸ ਵਾਰ ਵੀ ਪਾਰਟੀ ਦੇ ਸੰਕਟ ਨੂੰ ਵੇਖਦਿਆਂ ਲੱਗਦਾ ਸੀ ਕਿ ਬਾਦਲ ਚੋਣ ਪ੍ਰਚਾਰ ਦੀ ਕਮਾਨ ਖੁਦ ਸੰਭਾਲਣਗੇ। ਸੂਤਰਾਂ ਮੁਤਾਬਕ ਬਾਦਲ ਬਠਿੰਡਾ ਤੇ ਫਿਰੋਜ਼ਪੁਰ ਵਿੱਚ ਆਪਣੇ ਨੂੰਹ ਹਰਸਿਮਰਤ ਬਾਦਲ ਤੇ ਪੁੱਤ ਸੁਖਬੀਰ ਬਾਦਲ ਲਈ ਪ੍ਰਚਾਰ ਕਰਨਗੇ। ਇਸ ਤੋਂ ਇਲਾਵਾ ਆਪਣੇ ਗੜ੍ਹ ਫਰੀਦਕੋਟ ਹਲਕੇ ਵਿੱਚ ਗੁਲਜ਼ਾਰ ਸਿੰਘ ਰਣੀਕੇ ਲਈ ਰੈਲੀਆਂ ਕਰ ਸਕਦੇ ਹਨ।
ਸੂਤਰਾਂ ਮੁਤਾਬਕ ਫਰੀਦਕੋਟ ਹਲਕਾ ਬਾਦਲ ਪਰਿਵਾਰ ਦਾ ਗੜ੍ਹ ਰਿਹਾ ਹੈ। ਇਹ ਹਲਕਾ ਰਾਖਵਾਂ ਹੋਣ ਮਗਰੋਂ ਹੀ ਬਾਦਲ ਪਰਿਵਾਰ ਨੇ ਬਠਿੰਡਾ ਹਲਕਾ ਮੱਲ ਲਿਆ ਸੀ। ਫਰੀਦਕੋਟ ਵਿੱਚ ਹੀ ਬੇਅਦਬੀ ਤੇ ਗੋਲੀ ਕਾਂਡ ਨੂੰ ਲੈ ਕੇ ਸਭ ਤੋਂ ਵੱਧ ਰੋਸ ਹੈ। ਇਸ ਲਈ ਬਾਦਲ ਰਣੀਕੇ ਦੇ ਹੱਕ ਵਿੱਚ ਖੁਦ ਚੋਣ ਪ੍ਰਚਾਰ ਕਰਨਗੇ। ਪਤਾ ਲੱਗਾ ਹੈ ਕਿ ਬਾਦਲ ਇੱਕ ਰੈਲੀ ਕੋਟਕਪੂਰਾ ਵਿਧਾਨ ਸਭਾ ਹਲਕਾ ਤੇ ਦੂਜੀ ਰੈਲੀ ਫਰੀਦਕੋਟ ਹਲਕੇ ਵਿੱਚ ਕਰਨਗੇ।
ਇਹ ਵੀ ਅਹਿਮ ਹੈ ਕਿ ਬੇਅਦਬੀ ਕਾਂਡ ਤੋਂ ਬਾਅਦ ਕੋਟਕਪੂਰਾ ਹਲਕੇ ਵਿੱਚ ਅਕਾਲੀ ਦਲ ਦੀ ਇਹ ਪਹਿਲੀ ਚੋਣ ਰੈਲੀ ਹੋਵੇਗੀ। 2015 ’ਚ ਵਾਪਰੇ ਬੇਅਦਬੀ ਕਾਂਡ ਤੋਂ ਬਾਅਦ ਅਕਾਲੀ ਦਲ ਦੀ ਫਰੀਦਕੋਟ ਸਮੇਤ ਪੂਰੇ ਮਾਲਵੇ ਵਿੱਚ ਸਥਿਤੀ ਕਾਫ਼ੀ ਚਿੰਤਾ ਵਾਲੀ ਬਣੀ ਹੋਈ ਹੈ। ਫਰੀਦਕੋਟ ਜ਼ਿਲ੍ਹੇ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ’ਤੇ ਅਕਾਲੀ ਉਮੀਦਵਾਰ ਤੀਜੇ ਸਥਾਨ ’ਤੇ ਰਹੇ ਸਨ।
ਸਿਰਫ ਆਪਣੇ ਨੂੰਹ ਤੇ ਪੁੱਤ ਦੀ ਹੀ ਬੇੜੀ ਬੰਨ੍ਹੇ ਲਾਉਣਗੇ ਬਾਦਲ
ਏਬੀਪੀ ਸਾਂਝਾ
Updated at:
28 Apr 2019 12:57 PM (IST)
ਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਇਸ ਵਾਰ ਸਿਰਫ ਆਪਣੇ ਨੂੰਹ ਤੇ ਪੁੱਤ ਦੀ ਬੇੜੀ ਬੰਨ੍ਹੇ ਲਾਉਣ ਲਈ ਵਾਹ ਲਾਉਣਗੇ। ਉਹ ਪੰਜਾਬ ਦੇ ਬਾਕੀ ਉਮੀਦਵਾਰਾਂ ਲਈ ਚੋਣ ਪ੍ਰਚਾਰ ਨਹੀਂ ਕਰਨਗੇ। ਉਮੀਦ ਸੀ ਕਿ ਪਾਰਟੀ ਨੂੰ ਸੰਕਟ ਵਿੱਚੋਂ ਕੱਢਣ ਲਈ ਉਹ ਖੁਦ ਲੋਕ ਸਭਾ ਚੋਣਾਂ ਵਿੱਚ ਅਹਿਮ ਭੂਮਿਕਾ ਨਿਭਾਉਣਗੇ ਪਰ ਸਿਹਤ ਦੇ ਮੱਦੇਨਜ਼ਰ ਉਹ ਆਪਣੀਆਂ ਸਰਗਰਮੀਆਂ ਬਠਿੰਡਾ ਤੇ ਫਿਰੋਜ਼ਪੁਰ ਤੱਕ ਹੀ ਸੀਮਤ ਰੱਖਣਗੇ।
- - - - - - - - - Advertisement - - - - - - - - -