ਚੰਡੀਗੜ੍ਹ: ਬੀਤੇ ਕੱਲ੍ਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਲਾਣੇ ਸਮੇਤ ਆਪਣੇ ਸ਼ਾਸਨ ਕਾਲ ਦੌਰਾਨ ਹੋਈਆਂ ਗ਼ਲਤੀਆਂ ਦੀ ਖਿਮਾ ਜਾਚਨਾ ਲਈ ਦਰਬਾਰ ਸਾਹਿਬ ਗਏ ਸਨ ਅਤੇ ਇਹ ਕਾਰਜ ਅਗਲੇ ਤਿੰਨ ਦਿਨ ਜਾਰੀ ਰੱਖਣਗੇ। ਪਰ ਪਹਿਲੇ ਹੀ ਦਿਨ ਬਾਦਲ ਪਰਿਵਾਰ ਦੀ ਸੇਵਾ ਭਾਵਨਾ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣ ਗਿਆ। ‘ਫੇਸਬੁੱਕ ਵ੍ਹੱਟਸਐਪ’ ’ਤੇ ਸਭ ਤੋਂ ਵੱਡਾ ਸਵਾਲ ਇਹੋ ਉੱਭਰ ਕੇ ਸਾਹਮਣੇ ਆਇਆ ਕਿ ਬਾਦਲ ਪਰਿਵਾਰ ਤੇ ਅਕਾਲੀ ਦਲ ਦੀ ਸਾਰੀ ਵੱਡੀ ਲੀਡਰਸ਼ਿਪ ਨੇ ‘ਮੁਆਫ਼ੀ’ ਮੰਗੀ ਕਿਹੜੀ-ਕਿਹੜੀ ਗੱਲ ਦੀ ਹੈ ਜਾਂ ਬਾਦਲ ਪਰਿਵਾਰ ਖ਼ੁਦ ਹੀ ਧਾਰਮਿਕ ਸਜ਼ਾ ਭੁਗਤ ਗਿਆ ਹੈ।


ਸੋਸ਼ਲ ਮੀਡੀਆ ਉੱਪਰ ਲੋਕਾਂ ਨੇ ਬਾਦਲਾਂ ਖ਼ਿਲਾਫ਼ ਸਖ਼ਤ ਤੇ ਕਈ ਮਜ਼ਾਕੀਆ ਟਿੱਪਣੀਆਂ ਵੀ ਕੀਤੀਆਂ ਗਈਆਂ ਅਤੇ ਇਹ ਵੀ ਕਿਹਾ ਗਿਆ ਕਿ ਪ੍ਰਕਾਸ਼ ਸਿੰਘ ਬਾਦਲ ਵਲੋਂ 10 ਸਾਲਾਂ ਦੇ ਸ਼ਾਸਨ ਨੂੰ ‘ਰਾਜ ਨਹੀਂ ਸੇਵਾ’ ਦਾ ਨਾਂਅ ਦਿੱਤਾ ਗਿਆ ਸੀ ਪਰ ਫਿਰ ਸੇਵਾ ਕਰਦਿਆਂ ਕਿਹੜੀਆਂ ਗ਼ਲਤੀਆਂ ਹੋ ਗਈਆਂ, ਇਹ ਵੀ ਸਪੱਸ਼ਟ ਕੀਤਾ ਜਾਵੇ। ਸੋਸ਼ਲ ਮੀਡੀਆ ’ਤੇ ਬਾਦਲ ਪਰਿਵਾਰ ਦੀ ਮਾਲਕੀ ਵਾਲੇ ਨਿਊਜ਼ ਚੈਨਲ ਸਬੰਧੀ ਵੀ ਟਿੱਪਣੀਆਂ ਦੇਖਣ ਨੂੰ ਮਿਲੀਆਂ। ਫੇਸਬੁੱਕ ’ਤੇ ਸਰਗਰਮ ਰਹਿਣ ਵਾਲੇ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਨਾਲ ਸਬੰਧਤ ਪੱਤਰਕਾਰਾਂ ਨੇ ਵੀ ਆਲੋਚਨਾਤਮਕ ਟਿੱਪਣੀਆਂ ਕੀਤੀਆਂ।

ਅਖੰਡ ਪਾਠ ਸ਼ੁਰੂ ਕਰਵਾਉਣ ਉਪਰੰਤ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਹੋਰ ਅਕਾਲੀ ਆਗੂਆਂ ਦੀਆਂ ਫੋਟੋਆਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਣੀਆਂ ਸ਼ੁਰੂ ਹੋ ਗਈਆਂ ਸਨ। ਫੇਸਬੁੱਕ ’ਤੇ ਇਹ ਟਿੱਪਣੀ ਵੀ ਕੀਤੀ ਗਈ,‘ਇਹ ਕਿਹੋ ਜਿਹੀ ਭੁੱਲ ਹੋਈ ਕਿ ਖ਼ੁਦ ਹੀ ਗ਼ਲਤੀਆਂ ਮੰਨ ਲਈਆਂ, ਜੱਜ ਵੀ ਆਪ ਹੀ ਬਣ ਗਏ ਤੇ ਸਜ਼ਾ ਵੀ ਖੁਦ ਹੀ ਸੁਣਾ ਲਈ ਗਈ।’ ਚਰਚਿਤ ਪੰਜਾਬੀ ਕਵੀ ਸੁਰਜੀਤ ਗੱਗ ਨੇ ਲਿਖਿਆ ‘ਧਰਮ ਦੀ ਸੁਚੱਜੀ ਵਰਤੋਂ।’

ਸੋਸ਼ਲ ਮੀਡੀਆ ’ਤੇ ਇਹ ਗੱਲ ਵੀ ਭਾਰੂ ਰਹੀ ਕਿ ਬਾਦਲ ਪਰਿਵਾਰ ਤੇ ਅਕਾਲੀ ਦਲ ਦੇ ਆਗੂ ਹੁਣ ਤੱਕ ਬੇਅਦਬੀ ਅਤੇ ਹੋਰ ਮੁੱਦਿਆਂ ’ਤੇ ਆਪਣੀ ਗਲਤੀ ਮੰਨਣ ਲਈ ਤਿਆਰ ਨਹੀਂ ਸਨ ਪਰ ਹੁਣ ਯਕਦਮ ਗ਼ਲਤੀ ਵੀ ਮੰਨ ਲਈ ਤੇ ਖ਼ੁਦ ਹੀ ਧਾਰਮਿਕ ਸਜ਼ਾ ਵੀ ਪੂਰੀ ਕਰਨ ਲੱਗ ਗਏ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਹੱਥਾਂ ਵਿੱਚ ਸਪੋਰਟਸ ਸ਼ੂਜ਼ ਦੀ ਫ਼ੋਟੋ ਹੋਣ ’ਤੇ ਇਹ ਟਿੱਪਣੀਆਂ ਲਿਖੀਆਂ ਗਈਆਂ ਕਿ ਬਾਦਲ ਸਪੋਰਟਸ ਸ਼ੂਜ਼ ਪਾਲਿਸ਼ ਕਰਦੇ ਹੋਏ। ਇਹ ਫੋਟੋ ਸਭ ਤੋਂ ਜ਼ਿਆਦਾ ਵਾਇਰਲ ਹੋਈ।