ਚੰਡੀਗੜ੍ਹ: ਪੰਜਾਬ ਦੇ ਸਰਮਾਏਦਾਰ ਟਰਾਂਸਪੋਰਟਰਾਂ ‘ਚੋਂ ਇੱਕ ਬਾਦਲ ਪਰਿਵਾਰ ਨਾਲ ਹਿਮਾਚਲ ਪ੍ਰਦੇਸ਼ ਵਿੱਚ ਮਾੜੀ ਹੋਈ ਹੈ। ਹਿਮਾਚਲ ਪ੍ਰਦੇਸ਼ ਦੇ ਕੁਝ ਹੰਢੇ ਹੋਏ ਟਰਾਂਸਪੋਰਟਰਾਂ ਨੇ ਬਾਦਲ ਪਰਿਵਾਰ ਦੇ 'ਦੇਵਭੂਮੀ' ਦੇ ਮੁੱਖ ਰੂਟਾਂ 'ਤੇ ਕਬਜ਼ਾ ਕਰਨ ਦੇ ਸੁਫ਼ਨੇ ਨੂੰ ਚਕਨਾਚੂਰ ਕਰ ਦਿੱਤਾ ਹੈ। ਇੰਨਾ ਹੀ ਨਹੀਂ ਪੂਰਾ ਇੱਕ ਦਹਾਕਾ ਪੰਜਾਬ ‘ਤੇ ਰਾਜ ਕਰਨ ਵਾਲੇ ਬਾਦਲਾਂ ਨੂੰ ਵਿੱਤੀ ਸੱਟ ਵੀ ਮਾਰੀ ਹੈ।   ਜਿਵੇਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਸਾਰੇ ਮੁੱਖ ਪਰਮਿਟਾਂ ‘ਤੇ ਬਾਦਲ ਪਰਿਵਾਰ ਦੀਆਂ ਬੱਸਾਂ ਚੱਲਦੀਆਂ ਹਨ ਤਿਵੇਂ ਹੀ ਬਾਦਲਾਂ ਨੇ ਹਿਮਾਚਲ ਪ੍ਰਦੇਸ਼ ਦੇ ਟਰਾਂਸਪੋਰਟ ਖੇਤਰ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਸੀ ਜੋ ਨਾਕਾਮ ਰਹੀ। ਦਰਅਸਲ ਬਾਦਲਾਂ ਨੇ ਮਾਨਾਲੀ ਤੋਂ ਚੰਡੀਗੜ੍ਹ ਤੇ ਦਿੱਲੀ ਆਦਿ ਰੂਟਾਂ ‘ਤੇ ਚੱਲਦੀਆਂ ਕੁਝ ਪ੍ਰਾਈਵੇਟ ਬੱਸਾਂ ਤੇ ਪਰਮਿਟਾਂ ਨੂੰ ਖਰੀਦ ਲਿਆ ਸੀ। ਉਨ੍ਹਾਂ ਟਰਾਂਸਪੋਰਟਰਾਂ ਨਾਲ ਇਕਰਾਰਨਾਮਾ ਵੀ ਕਰ ਲਿਆ ਸੀ ਕਿ ਉਹ ਜਾਂ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਮੁੜ ਤੋਂ ਇਸ ਧੰਦੇ ਵਿੱਚ ਸ਼ਾਮਲ ਨਹੀਂ ਹੋਣਗੇ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਹਿਮਾਚਲ ਦੇ ਵੱਖ-ਵੱਖ ਟਰਾਂਸਪੋਰਟਰਾਂ ਨੂੰ ਬਾਦਲਾਂ ਨੇ ਤਕਰੀਬਨ 10 ਕਰੋੜ ਦੀ ਅਦਾਇਗੀ ਵੀ ਕਰ ਦਿੱਤੀ ਸੀ ਪਰ ਉਨ੍ਹਾਂ ਟਰਾਂਸਪੋਰਟਰਾਂ ਨੇ ਹੋਰ ਨਾਂ ਹੇਠ ਬਾਦਲ ਟਰਾਂਸਪੋਰਟ ਵਿਕਸਤ ਹੋਣ ਤੋਂ ਪਹਿਲਾਂ ਹੀ ਆਪਣੀਆਂ ਹੋਰ ਬੱਸਾਂ ਪਾ ਲਈਆਂ। ਹਿਮਾਚਲੀ ਟਰਾਂਸਪੋਰਟਰਾਂ ਦੀ ਇਸ ਚਾਲ ਨੇ ਬਾਦਲਾਂ ਦੇ ਸੁਫਨਮਈ ਪ੍ਰੋਜੈਕਟ ਦੀਆਂ ਧੱਜੀਆਂ ਉਡਾ ਦਿੱਤੀਆਂ, ਜਿਸ ਤੋਂ ਬਾਅਦ ਉਹ ਵਾਪਸ ਪੰਜਾਬ ਹੀ ਪਰਤ ਆਏ। ਸਾਲ 2007 ਤੋਂ ਬਾਅਦ ਆਪਣੀ ਸਰਕਾਰ ਦੌਰਾਨ ਚੰਡੀਗੜ੍ਹ ‘ਚ ਆਪਣੀਆਂ ਬੱਸਾਂ ਦੇ ਦਾਖਲੇ ਲਈ ਬਾਦਲਾਂ ਨੇ ਵਿਸ਼ੇਸ਼ ਅਨਟੈਗਰਲ ਕੋਚ ਨੀਤੀ ਲਾਗੂ ਕਰਵਾਈ ਸੀ ਜਿਸ ਤੋਂ ਬਾਅਦ ਧੜਾਧੜ੍ਹ ਲਗਜ਼ਰੀ ਬੱਸਾਂ ਪੂਰੇ ਪੰਜਾਬ ‘ਚ ਦੌੜਨ ਲੱਗੀਆਂ ਜਿਨ੍ਹਾਂ ਵਿੱਚ ਜ਼ਿਆਦਾਤਰ ਬਾਦਲ ਪਰਿਵਾਰ ਦੀਆਂ ਹੀ ਹਨ। ਪੰਜਾਬ ‘ਚ ਸੌਖਿਆਂ ਹੀ ਆਪਣਾ ਟਰਾਂਸਪੋਰਟ ਸਾਮਰਾਜ ਖੜ੍ਹਾ ਕਰ ਚੁੱਕੇ ਬਾਦਲਾਂ ਦੀ ਹਿਮਾਚਲ ਪ੍ਰਦੇਸ਼ ‘ਚ ਦਾਲ ਨਹੀਂ ਗਲੀ।