ਅੰਮ੍ਰਿਤਸਰ: ਬੀਤੇ ਦਿਨੀਂ ਸ੍ਰੀ ਦਰਬਾਰ ਸਾਹਿਬ 'ਚ ਕਾਂਗਰਸੀ ਆਗੂ ਜਗਦੀਸ਼ ਟਾਇਟਲਰ, ਜੋ ਕਿ 1984 ਦੇ ਸਿੱਖ ਕਤਲੇਆਮ ਵਿਚ ਦੋਸ਼ੀ ਵੀ ਹੈ, ਦੀ ਤਸਵੀਰ ਵਾਲੀ ਟੀ ਸ਼ਰਟ ਪਾ ਕੇ ਦਾਖਲ ਹੋਏ, ਕਰਮਜੀਤ ਸਿੰਘ ਗਿੱਲ ਵੱਲੋਂ ਜ਼ਮਾਨਤ ਲਈ ਦਿੱਤੀ ਗਈ ਦਰਖਾਸਤ ਸਥਾਨਕ ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟਰੇਟ ਜਪਇੰਦਰ ਸਿੰਘ ਦੀ ਅਦਾਲਤ ਨੇ ਰੱਦ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅਦਾਲਤ ਵਿਚ ਕਰਮਜੀਤ ਗਿਲ ਦੇ ਵਕੀਲਾਂ ਨੇ ਇਹ ਦਲੀਲਾਂ ਦਿੱਤੀਆਂ ਕਿ ਉਸ ਦਾ ਮਕਸਦ ਧਾਰਮਿਕ ਭਾਵਨਾਵਾਂ ਭੜਕਾਉਣਾ ਨਹੀਂ, ਬਲਕਿ ਉਹ ਆਪਣੇ ਰਾਜਸੀ ਗੁਰੂ ਦੀ ਤਸਵੀਰ ਵਾਲੀ ਟੀ ਸ਼ਰਟ ਪਾ ਕੇ ਮੱਥਾ ਟੇਕਣ ਜਾਣ ਤੱਕ ਹੀ ਸੀ, ਜੋ ਕਿ ਕੋਈ ਅਪਰਾਧ ਨਹੀਂ ਬਣਦਾ।
ਦੂਸਰੇ ਪਾਸੇ ਕਮਿਸ਼ਨਰੇਟ ਪੁਲਿਸ ਵੱਲੋਂ ਕੀਤੀ ਗਈ ਤਫਤੀਸ਼, ਜਿਸ ਵਿਚ ਉਸ ਵਿਰੁੱਧ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਵਿਚ ਧਾਰਾ 153 ਏ ਅਧੀਨ ਕੇਸ ਦਰਜ ਕੀਤਾ ਗਿਆ ਹੈ, ਦੇ ਅਧਾਰ ਉਤੇ ਸਹਾਇਕ ਜਿਲ੍ਹਾ ਅਟਾਰਨੀ ਤਵਤੇਸ਼ ਇੰਦਰਜੀਤ ਸਿੰਘ ਨੇ ਇਹ ਦਲੀਲ ਦਿੱਤੀ ਕਿ ਕਥਿਤ ਦੋਸ਼ੀ ਸ੍ਰੀ ਦਰਬਾਰ ਸਾਹਿਬ ਵਿਚ ਮੱਥਾ ਟੇਕਣ ਨਹੀਂ ਬਲਕਿ ਕੇਵਲ ਤੇ ਕੇਵਲ ਇਕ ਫ਼ਿਰਕੇ ਦੀਆਂ ਭਾਵਨਾਵਾਂ ਭੜਕਾਉਣ ਲਈ ਹੀ ਗਿਆ ਸੀ।
ਉਨਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਕਤ ਵਿਅਕਤੀ ਨੇ ਆਪਣੇ ਰਾਜਸੀ ਗੁਰੂ ਦੀ ਤਸਵੀਰ ਵਾਲਾ ਕੇਕ ਉਨਾਂ ਦੇ ਜਨਮ ਦਿਨ ਉਤੇ ਕੱਟਿਆ ਸੀ, ਜਿਸ ਮਗਰੋਂ ਇੰਨਾਂ ਨੂੰ ਧਮਕੀਆਂ ਵੀ ਮਿਲੀਆਂ ਅਤੇ ਪੁਲਿਸ ਨੇ ਇੰਨਾ ਨੂੰ ਸੁਰੱਖਿਆ ਦਿੱਤੀ। ਸ੍ਰੀ ਦਰਬਾਰ ਸਾਹਿਬ ਵਿਚ ਵੀ ਇਹ ਵਿਅਕਤੀ ਪਹਿਲਾਂ ਹੋਰ ਕਮੀਜ਼ ਪਾ ਕੇ ਦਾਖਲ ਹੋਇਆ ਪਰ ਮਗਰੋਂ ਇਹ ਉਕਤ ਟੀ ਸ਼ਰਟ, ਜਿਸ ਉਤੇ ਜਗਦੀਸ਼ ਟਾਇਟਲਰ ਦੀ ਤਸਵੀਰ ਛਾਪੀ ਹੋਈ ਸੀ, ਪਾ ਕੇ ਸ੍ਰੀ ਦਰਬਾਰ ਸਾਹਿਬ ਵਿਚ ਦਾਖਲ ਹੋਇਆ ਤੇ ਤਸੀਵਰਾਂ ਖਿੱਚੀਆਂ, ਜੋ ਬਾਅਦ ਵਿਚ ਇਸਨੇ ਸੋਸ਼ਲ ਮੀਡੀਆ ਉਤੇ ਪਾਈਆਂ।
ਇਹ ਦਰਬਾਰ ਸਾਹਿਬ ਵਿਚ ਮੱਥਾ ਟੇਕਣ ਵੀ ਨਹੀਂ ਪੁੱਜਾ, ਸੋ ਇਸ ਤੋਂ ਸਪੱਸ਼ਟ ਹੈ ਕਿ ਕੇਵਲ ਤੇ ਕੇਵਲ ਇਕ ਫਿਰਕੇ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਲਈ ਹੀ ਗਿਆ ਸੀ। ਮਾਣਯੋਗ ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਸਰਕਾਰੀ ਪੱਖ ਦੇ ਵਕੀਲ ਤਵਤੇਸ਼ ਇੰਦਰਜੀਤ ਸਿੰਘ ਦੇ ਪੱਖ ਵਿਚ ਫੈਸਲਾ ਕਰਦੇ ਹੋਏ ਕਥਿਤ ਦੋਸ਼ੀ ਵੱਲੋਂ ਲਗਾਈ ਗਈ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ।