ਜਦੋਂ ਸਰਕਾਰੀ ਮੁਲਾਜ਼ਮਾਂ ਨੇ ਪਾਈਆਂ ਬੋਲੀਆਂ
ਏਬੀਪੀ ਸਾਂਝਾ | 14 Apr 2018 03:47 PM (IST)

ਚੰਡੀਗੜ੍ਹ: ਜੁਗਨੀ ਕਲਚਰਲ ਤੇ ਯੂਥ ਵੈਲਫੇਅਰ ਕਲੱਬ, ਮੁਹਾਲੀ ਤੇ ਕਲਚਰਲ ਯੂਨਿਟੀ ਸੈਂਟਰ ਵਿਸਾਖੀ ਮੌਕੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਇੱਥੇ ਸੈਕਟਰ-16 ਸਥਿਤ ਪੰਜਾਬ ਕਲਾ ਭਵਨ ਵਿਖੇ ਕਰਵਾਇਆ ਗਿਆ। ਦਵਿੰਦਰ ਜੁਗਨੀ ਤੇ ਜਰਨੈਲ ਹੁਸ਼ਿਆਰਪੁਰੀ ਉਪਰਾਲੇ ਸਦਕਾ ਕਰਵਾਏ ਪ੍ਰੋਗਰਾਮ ਵਿੱਚ ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਨੇ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ। ਪ੍ਰੋਗਰਾਮ ਦੇ ਮੁੱਖ ਮਹਿਮਾਨ ਪੰਜਾਬ ਦੇ ਪ੍ਰਾਹੁਣਚਾਰੀ ਵਿਭਾਗ ਦੇ ਡਾਇਰੈਕਟਰ ਅਤੇ ਪ੍ਰੋਟੋਕਲ ਦੇ ਵਿਸ਼ੇਸ਼ ਸਕੱਤਰ ਕਮਲ ਕਿਸ਼ੋਰ ਯਾਦਵ ਨੋ ਬੋਲਦਿਆਂ ਕਿਹਾ ਕਿ ਵਿਸਾਖੀ ਦੇ ਤਿਉਹਾਰ ਨੂੰ ਰੰਗਾਰੰਗ ਤਰੀਕੇ ਨਾਲ ਮਨਾਉਣਾ ਵਧੀਆ ਉਪਰਾਲਾ ਹੈ। ਇਸ ਤੋਂ ਇਲਾਵਾ ਸਰਕਾਰੀ ਮੁਲਾਜ਼ਮਾਂ ਵੱਲੋਂ ਆਪਣੇ ਰੋਜ਼ਾਨਾ ਦੇ ਕੰਮਕਾਰ ਅਤੇ ਦਫ਼ਤਰੀ ਕੰਮਾਂ ਦੇ ਵਿਅਸਤ ਜੀਵਨ ਤੋਂ ਬਾਹਰ ਆਪਣੀ ਕਲਾ ਰਾਹੀਂ ਲੋਕਾਂ ਦਾ ਮਨੋਰੰਜਨ ਕਰਨਾ ਚੰਗੀ ਗੱਲ ਹੈ। ਦਫ਼ਤਰੀ ਸਮੇਂ ਤੋਂ ਬਾਅਦ ਉਲੀਕੇ ਜਾਂਦੇ ਅਜਿਹੇ ਪ੍ਰੋਗਰਾਮਾਂ ਨਾਲ ਮੁਲਾਜ਼ਮਾਂ ਦੇ ਕੰਮਕਾਜ ਦੀ ਕਾਰਜਕੁਸ਼ਲਤਾ ਵਿੱਚ ਵੀ ਵਾਧਾ ਹੁੰਦਾ ਹੈ। ਇਸ ਪ੍ਰੋਗਰਾਮ ਵਿਚ ਲਖਵੀਰ ਲੱਖੀ, ਗਗਨਦੀਪ ਗੱਗੀ, ਗੁਰਿੰਦਰ ਗਿੰਦਾ, ਕੁਲਬੀਰ ਸੈਣੀ ਅਤੇ ਸੰਦੀਪ ਕੰਬੋਜ਼ ਨੇ ਆਪੋ-ਆਪਣੇ ਗੀਤਾਂ ਰਾਹੀਂ ਸੰਗੀਤਕ ਮਾਹੌਲ ਬਣਾਇਆ। ਡਾ. ਨਿੰਦੀ ਵੱਲੋਂ ਓਪੇਰਾ ਡਾਂਸ ਵਾਢੀਆਂ ਪੇਸ਼ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਦੇ ਨਾਲ ਗੁਰਿੰਦਰ ਗਿੰਦੇ ਵੱਲੋਂ ਬੋਲੀਆਂ ਪਾਈਆਂ ਗਈਆਂ। ਇਸ ਪ੍ਰੋਗਰਾਮ ਵਿਚ ਮੁੱਖ ਖਿੱਚ ਦਾ ਕੇਂਦਰ ਰੁਪਿੰਦਰ ਰੂਪੀ ਅਤੇ ਦਵਿੰਦਰ ਜੁਗਨੀ ਵਲੋਂ ਤਿਆਰ ਕੀਤੀ ਗਈ ਸਕਿੱਟ 'ਮੁੱਡਾ' ਸੀ ਜਿਸ ਰਾਹੀਂ ਲੋਕਾਂ ਨੂੰ ਖੂਬ ਹਸਾਇਆ ਗਿਆ ਅਤੇ ਲੋਕਾਂ ਦੇ ਢਿੱਡੀ ਪੀੜਾਂ ਪਈਆਂ। ਇਸ ਸਕਿੱਟ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ। ਸਕਿੱਟ ਵਿੱਚ ਚੰਨ 'ਤੇ ਪਲਾਟ ਕੱਟਣ ਸਬੰਧੀ ਵਿਅੰਗ ਕੀਤਾ ਗਿਆ।